ਸਮਰਾਡ਼ੀ ਦਾ ਛੇ ਦਿਨਾਂ ਖੇਡ ਤੇ ਜੋਡ਼ ਮੇਲਾ ਵੱਖਰੀਆਂ ਪੈਡ਼ਾਂ ਛੱਡਦਾ ਸੰਪੰਨ
Thursday, Apr 11, 2019 - 04:36 AM (IST)

ਲੁਧਿਆਣਾ (ਅਜਮੇਰ)- ਨੇੜਲੇ ਪਿੰਡ ਸਮਰਾਡ਼ੀ ਵਿਖੇ ਸਿੱਧ ਬਾਬਾ ਭਾਰਾ ਜੀ ਦੇ ਅਸਥਾਨ ’ਤੇ ਛੇ ਦਿਨਾਂ ਖੇਡ ਤੇ ਜੋਡ਼ ਮੇਲਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਪ੍ਰਬੰਧਕ ਕਮੇਟੀ ਵਲੋਂ ਸਮੂਹ ਐੱਨ. ਆਰ. ਆਈਜ਼, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਹਲਟ ਦੌਡ਼ਾਂ, ਕਬੱਡੀ ਮੁਕਾਬਲੇ, ਸੱਭਿਆਚਾਰਕ ਮੇਲਾ ਅਤੇ ਛਿੰਞ ਮੇਲਾ ਕਰਵਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਛੇ ਦਿਨਾਂ ਖੇਡ ਅਤੇ ਜੋਡ਼ ਮੇਲੇ ਦੀ ਕਾਮਯਾਬੀ ਵਿਚ ਸਮੂਹ ਗ੍ਰਾਮ ਪੰਚਾਇਤ ਤੋਂ ਇਲਾਵਾ ਪ੍ਰਬੰਧਕ ਕਮੇਟੀ ਵਲੋਂ ਅਜਮੇਰ ਸਿੰਘ ਪ੍ਰਧਾਨ, ਬੂਟਾ ਸਿੰਘ ਖੰਗੂਡ਼ਾ, ਸਰਪ੍ਰਸਤ ਸੰਤੋਖ ਸਿੰਘ ਸੈਕਟਰੀ, ਕਿੰਦਾ ਖੰਗੂਡ਼ਾ, ਹਰਸ਼ਿੰਦਰ ਸਿੰਘ, ਗੁਰਸੇਵਕ ਸਿੰਘ, ਸ਼ਿੰਗਾਰਾ ਰਾਮ, ਹਰਜਿੰਦਰਪਾਲ ਅਤੇ ਐੱਨ. ਆਰ. ਆਈਜ਼ ਵਲੋਂ ਖੰਗੂਡ਼ਾ, ਚਾਹਲ, ਖਹਿਰਾ, ਰੰਧਾਵਾ, ਧਾਲੀਵਾਲ ਅਤੇ ਢੇਸੀ ਪਰਿਵਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਨਾਰਥ ਇੰਡੀਆ ਕਬੱਡੀ ਫੈੱਡਰੇਸ਼ਨ ਦੇ ਮੁਕਾਬਲਿਆਂ ’ਚ ਅਮਰਜੀਤ ਸਿੰਘ ਖੰਗੂਡ਼ਾ, ਮੇਜਰ ਖੰਗੂਡ਼ਾ ਅਤੇ ਪਰਮਜੀਤ ਖੰਗੂਡ਼ਾ ਵਲੋਂ ਸਪਾਂਸਰ ਡੇਢ ਲੱਖ ਰੁਪਏ ਦਾ ਪਹਿਲਾ ਇਨਾਮ ਸੁਰਖਪੁਰ ਅਤੇ ਮੱਖਣ ਸਿੰਘ ਢੇਸੀ ਵਲੋਂ ਸਪਾਂਸਰ 1 ਲੱਖ ਰੁਪਏ ਦਾ ਦੂਜਾ ਇਨਾਮ ਰੁਡ਼ਕਾ ਦੀ ਟੀਮ ਨੇ ਜਿੱਤਿਆ। ਉੱਤਮ ਧਾਵੀ ਅਤੇ ਉੱਤਮ ਜਾਫੀ ਨੂੰ ਬਲਵੀਰ ਸਿੰਘ ਖੰਗੂਡ਼ਾ ਤੇ ਬਲਵਿੰਦਰ ਸਿੰਘ ਖੰਗੂਡ਼ਾ ਕੈਨੇਡਾ ਵਲੋਂ ਮੋਟਰਸਾਈਕਲ ਦਿਤੇ ਗਏ। ਇਸ ਮੌਕੇ ਕਬੱਡੀ ਟੂਰਨਾਮੈਂਟ ਅਗਲੇ ਸਾਲ ਫਿਰ 14 ਮਾਰਚ 2020 ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ। ਸੱਭਿਆਚਾਰਕ ਮੇਲੇ ਦੌਰਾਨ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਆਪਣੇ ਹਿੱਟ ਗੀਤਾਂ ਨਾਲ ਰੌਣਕਾਂ ਲਾਈਆਂ। ਮੇਲੇ ਦੇ ਆਖਰੀ ਦਿਨ ਭਾਰੀ ਰਵਾਇਤੀ 40ਵਾਂ ਛਿੰਞ ਮੇਲਾ ਕਰਵਾਇਆ ਗਿਆ, ਜਿਸ ਵਿਚ ਲਗਭਗ 300 ਤੋਂ ਵੱਧ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਕਲਾ ਦੇ ਜ਼ੌਹਰ ਦਿਖਾਏ। ਪਟਕੇ ਦੀ ਕੁਸ਼ਤੀ ਅਜੇ ਵਰਨ ਅਤੇ ਪ੍ਰਿਤਪਾਲ ਫਗਵਾਡ਼ਾ ਵਿਚ ਬਹੁਤ ਹੀ ਸਖਤ ਰਹੀ। ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਜਸਵੰਤ ਸਿੰਘ ਤੇ ਸੁਖਵੰਤ ਸਿੰਘ (ਸਪੁੱਤਰ ਬਲਵੀਰ ਸਿੰਘ ਸਰਪੰਚ) ਅਤੇ ਤੀਜੇ ਨੰਬਰ ਦੀ ਪਟਕੇ ਦੀ ਕੁਸ਼ਤੀ ਦਾ ਇਨਾਮ ਕ੍ਰਿਪਾਲ ਸਿੰਘ ਪੁੱਤਰ ਸੋਹਣ ਸਿੰਘ ਵਲੋਂ ਦਿੱਤਾ ਗਿਆ।