ਪਾਂਡੇ ਦੇ ਅਕਾਲੀ ਦਲ ’ਚ ਜਾਣ ਦੀ ਖਬਰ ਨਾਲ ਕਾਂਗਰਸ ’ਚ ਮਚੀ ਤਰਥੱਲੀ
Thursday, Apr 11, 2019 - 04:36 AM (IST)

ਲੁਧਿਆਣਾ (ਹਿਤੇਸ਼)-ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਦੇਸ਼ ਭਰ ’ਚ ਸਿਆਸੀ ਫੇਰ-ਬਦਲ ਦਾ ਦੌਰ ਜਾਰੀ ਹੈ, ਉਥੇ 6 ਵਾਰ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੀ ਖ਼ਬਰ ਨਾਲ ਸੋਮਵਾਰ ਨੂੰ ਕਾਂਗਰਸ ’ਚ ਤਰਥੱਲੀ ਮਚ ਗਈ, ਜਿਸ ਕਾਰਨ ਐੱਮ. ਪੀ. ਰਵਨੀਤ ਸਿੰਘ ਬਿੱਟੂ ਜਲਦਬਾਜ਼ੀ ਵਿਚ ਪਾਂਡੇ ਦੇ ਘਰ ਪੁੱਜੇ ਤੇ ਬ੍ਰੇਕਫਾਸਟ ਦੇ ਬਹਾਨੇ ਉਨ੍ਹਾਂ ਨੂੰ ਮਨਾਉਣ ਦਾ ਯਤਨ ਕੀਤਾ ਗਿਆ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸਭ ਤੋਂ ਸੀਨੀਅਰ ਹੋਣ ਦੇ ਬਾਵਜੂਦ ਮੰਤਰੀ ਅਹੁਦਾ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਪਾਂਡੇ ਵਲੋਂ ਬਿੱਟੂ ਖਿਲਾਫ ਲੁਧਿਆਣਾ ਲੋਕ ਸਭਾ ਸੀਟ ’ਤੇ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਗਈ ਸੀ, ਜਿਸ ਦੇ ਤਹਿਤ ਉਨ੍ਹਾਂ ਨੇ ਪਬਲਿਕ ਤੋਂ ਇਲਾਵਾ ਕਾਂਗਰਸੀ ਵਰਕਰਾਂ ਦੇ ਵੀ ਬਿੱਟੂ ਦੀ ਵਰਕਿੰਗ ਤੋਂ ਖੁਸ਼ ਨਾ ਹੋਣ ਦੀ ਗੱਲ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ।ਹਾਲਾਂਕਿ ਪਾਂਡੇ ਵਲੋਂ ਇਹ ਗੱਲ ਵੀ ਕਹੀ ਜਾ ਰਹੀ ਸੀ ਕਿ ਟਿਕਟ ਮੰਗਣਾ ਸਾਰਿਆਂ ਦਾ ਹੱਕ ਹੈ ਅਤੇ ਪਾਰਟੀ ਜਿਸ ਨੂੰ ਟਿਕਟ ਦੇਵੇਗੀ ਉਹ ਉਸ ਦੀ ਹਮਾਇਤ ਕਰਨਗੇ। ਇਸ ਦੇ ਤਹਿਤ ਪਾਂਡੇ ਵਲੋਂ ਬਿੱਟੂ ਨੂੰ ਟਿਕਟ ਮਿਲਣ ਤੋਂ ਬਾਅਦ ਰੋਡ ਸ਼ੋਅ ਦੌਰਾਨ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ, ਜਿਸ ਤੋਂ ਬਾਅਦ ਇਹੀ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸਭ ਠੀਕ ਹੋ ਗਿਆ ਹੈ ਪਰ ਬੁੱਧਵਾਰ ਨੂੰ ਮੀਡੀਆ ਦੇ ਇਕ ਹਿੱਸੇ ਵਿਚ ਅਕਾਲੀ ਦਲ ਵਲੋਂ ਪਾਂਡੇ ਨੂੰ ਸ਼ਾਮਲ ਕਰ ਕੇ ਬਿੱਟੂ ਦੇ ਮੁਕਾਬਲੇ ਚੋਣ ਮੈਦਾਨ ’ਚ ਉਤਾਰਨ ਦੀ ਚਰਚਾ ਛਿਡ਼ ਗਈ। ਇਸ ਖਬਰ ਤੋਂ ਬਾਅਦ ਹਰਕਤ ’ਚ ਆੲੇ ਬਿੱਟੂ ਨੇ ਪਾਂਡੇ ਦੇ ਘਰ ਦਾ ਰੁਖ ਕੀਤਾ ਤੇ ਬ੍ਰੇਕਫਾਸਟ ਟੇਬਲ ’ਤੇ ਹੀ ਕੋਈ ਮਨਮੁਟਾਅ ਨਾ ਹੋਣ ਦਾ ਦਾਅਵਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਂਡੇ ਪਰਿਵਾਰ ਨੇ ਪਾਰਟੀ ਨੂੰ ਖੂਨ ਦਿੱਤਾ ਤੇ ਉਨ੍ਹਾਂ ਦੇ ਕਾਂਗਰਸ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬਿੱਟੂ ਦੀ ਮੰਨੀਏ ਤਾਂ ਪਾਂਡੇ ਨੇ ਉਨ੍ਹਾਂ ਨੂੰ ਹਲਕਾ ਉੱਤਰੀ ਤੋਂ ਪਿਛਲੀ ਵਾਰ ਤੋਂ ਜ਼ਿਆਦਾ ਲੀਡ ’ਤੇ ਜਿਤਾਉਣ ਦਾ ਭਰੋਸਾ ਵੀ ਦਿਵਾਇਆ ਹੈ।