ਅਧਿਆਪਕ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਵਿਰੁੱਧ ਕੀਤਾ ਅਰਥੀ ਫੂਕ ਪ੍ਰਦਰਸ਼ਨ

01/23/2019 10:15:39 AM

ਲੁਧਿਆਣਾ (ਸੁਖਵਿੰਦਰ ਕੌਰ)-ਅੱਜ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਖੰਨਾ ਇਕਾਈ ਵਲੋਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਲਾਗੂ ਕਰਨ ’ਤੇ ਪੁਤਲਾ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਸਿਹਤ, ਸਿੱਖਿਆ ਸਹੂਲਤਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦਾ ਫੈਸਲਾ ਗਰੀਬ ਲੋਕਾਂ ਨੂੰ ਸਿੱਖਿਆ ਤੇ ਮੁੱਢਲੀਆਂ ਸਹੂਲਤਾਂ ਤੇ ਰੋਜ਼ਗਾਰ ਦੇਣ ਤੋਂ ਭੱਜਣਾ ਹੈ। ਸਰਕਾਰ ਕਾਰਪੋਰਟ ਘਰਾਣਿਆਂ ਨੂੰ ਆਮ ਜਨਤਾ ਦੇ ਟੈਕਸ ਦੀ ਖੁੱਲ੍ਹੀ ਲੁੱਟ ਕਰਨ ਦੀ ਨੀਤੀ ’ਤੇ ਕੰਮ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਹੰਕਾਰ, ਜ਼ੁਲਮ, ਤਾਨਾਸ਼ਾਹੀ ਦੀਆਂ ਹੱਦਾਂ ਪਾਰ ਕਰ ਚੁੱਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਗਰੀਬਾਂ ਦੀ ਸਿੱਖਿਆ ਅਤੇ ਅਧਿਆਪਕਾਂ ਦੇ ਰੋਜ਼ਗਾਰ ਨੂੰ ਖ਼ਤਮ ਕਰਨ ਲਈ ਲਗਾਤਾਰ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੇ ਹਨ, ਜੋ ਸਾਡੇ ਦੇਸ਼ ਤੇ ਸਾਡੀ ਸਿੱਖਿਆ ਨੂੰ ਬਰਬਾਦ ਕਰ ਦੇਣਗੀਆਂ। ਪੰਜਾਬ ਸਰਕਾਰ, ਸਿੱਖਿਆ ਮੰਤਰੀ ਪੰਜਾਬ ਤੇ ਸਿੱਖਿਆ ਸਕੱਤਰ ਦੇ ਜ਼ੁਲਮ ਤੇ ਹੰਕਾਰ ਇੰਨਾ ਵੱਧ ਗਿਆ ਹੈ ਕਿ ਉਨ੍ਹਾਂ ਦੀਆਂ ਲਾਗੂ ਕੀਤੀਆਂ ਲੋਕ ਮਾਰੂ ਨੀਤੀਆਂ ਨੇ ਅੱਤ ਕਰ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ। ਸੰਘਰਸ਼ਾਂ ਨੂੰ ਦਬਾਉਣ ਲਈ ਅਧਿਆਪਕਾਂ ਦੀਆਂ ਦੂਰ-ਦੂਰ ਬਦਲੀਆਂ ਤੇ ਇਥੋਂ ਤੱਕ ਕਿ ਪੰਜਾਬ ਦੇ ਇਤਿਹਾਸ ’ਚ ਸਿੱਖਿਆ ਸਕੱਤਰ ਨੇ ਕਾਲੇ ਪੰਨੇ ਲਿਖ ਕੇ ਅਧਿਆਪਕਾਂ ਦੀਆਂ ਟਰਮੀਨੇਸ਼ਨਾਂ ਵੀ ਕੀਤੀਆਂ ਹਨ। ਆਗੂਆਂ ਨੇ ਕਿਹਾ ਕਿ ਵਰਦੀਆਂ ਵਿਚ ਕਰੋਡ਼ਾਂ ਦਾ ਘੋਟਾਲਾ ਕਰਨ ਦੇ ਲਈ ਸਟੇਟ ਪੱਧਰ ’ਤੇ ਕਿਸੇ ਨਿੱਜੀ ਪ੍ਰਾਈਵੇਟ ਫਰਮ ਨੂੰ ਟੈਂਡਰ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਅੱਜ ਮੌਸਮ ਦੀ ਖਰਾਬੀ ਕਾਰਨ ਹੁਣ ਜ਼ਿਲਾ ਪੱਧਰੀ ਅਰਥੀ ਫੂਕ ਮੁਜ਼ਾਹਰੇ 24 ਜਨਵਰੀ ਨੂੰ ਹੋਣਗੇ। ਅੱਜ ਦੇ ਮੁਜ਼ਾਹਰੇ ’ਚ ਅਧਿਆਪਕ ਮਨਦੀਪ ਖੰਨਾ, ਸਤਵੀਰ ਰੌਣੀ, ਰਾਜਵੀਰ ਸਿੰਘ ਲਿਬਡ਼ਾ, ਹਰਦੀਪ ਬਾਹੋਮਾਜਰਾ, ਭਿੰਦਰ ਸਿੰਘ, ਗਗਨ ਤੇਜਪਾਲ, ਅਮਨ ਸ਼ਰਮਾ, ਅਵਤਾਰ ਸਿੰਘ, ਜਗਤਾਰ ਸਿੰਘ, ਜਗਵਿੰਦਰ ਸਿੰਘ, ਭਗਵਾਨ ਸਿੰਘ, ਜਗਰੂਪ ਸਿੰਘ, ਵੀਰਪਾਲ ਸਿੰਘ, ਗੁਰਮੀਤ ਪੂਰਬਾ, ਨਵਦੀਪ ਸਿੰਘ, ਨਰੇਸ਼ ਕੁਮਾਰ, ਮੈਡਮ ਨਵਨੀਤ ਕਿਰਨ, ਸਿਪਰਾ ਸ਼ੋਰੀ, ਗਾਇਤਰੀ ਦੇਵੀ, ਦੀਪ ਸ਼ਿਖਾ, ਅਮਰਪ੍ਰੀਤ ਕੌਰ, ਸਿਮਰਨਜੀਤ ਕੌਰ, ਜਤਿੰਦਰ ਕੁਮਾਰ, ਮਹੇਸ਼ ਕੁਮਾਰ, ਸ਼ਾਲੂ ਕਪੂਰ, ਰਿਪਨਦੀਪ ਕੌਰ, ਯੋਗਿਤਾ ਜੋਸ਼ੀ, ਰਾਜਵਿੰਦਰ ਕੌਰ, ਮੈਡਮ ਰੀਨਾ ਰਾਣੀ ਤੇ ਜਸਵਿੰਦਰ ਕੌਰ ਹਾਜ਼ਰ ਸਨ।

Related News