ਪ੍ਰੇਮਿਕਾ ਨੂੰ ਮਿਲਣ ਗਿਆ ਪ੍ਰੇਮੀ ਕਾਬੂ ਆਇਆ ਤਾਂ ਭੱਜ ਨਿਕਲਿਆ, ਨਾਲੇ ’ਚ ਡਿੱਗ ਕੇ ਹੋਈ ਮੌਤ
Thursday, Mar 07, 2019 - 01:22 PM (IST)

ਲੁਧਿਆਣਾ : ਸਿਵਲ ਸਿਟੀ ਇਲਾਕੇ 'ਚ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਏ ਨੌਜਵਾਨ ਦੀ ਪ੍ਰੇਮਿਕਾ ਦੇ ਪਤੀ ਨੇ ਭਰਾ ਤੇ ਪਿਤਾ ਸਮੇਤ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਚਣ ਲਈ ਜਦੋਂ ਉਹ ਉਥੋਂ ਭੱਜਿਆ ਤਾਂ ਰਾਸਤੇ 'ਚ ਇਕ ਨਾਲੇ 'ਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਮੁਤਾਬਕ ਆਕਾਸ਼ ਸੀ.ਸੀ.ਟੀ.ਵੀ. ਕੈਮਰੇ ਠੀਕ ਕਰਨ ਦਾ ਕੰਮ ਕਰਦਾ ਸੀ। ਉਸ ਦੇ ਉਕਤ ਕੁੜੀ ਨਾਲ 3 ਸਾਲ ਤੋਂ ਪ੍ਰੇਮ ਸਬੰਧ ਸਨ। ਇਕ ਮਹਿਨਾ ਪਹਿਲਾਂ ਹੀ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਵਿਆਹ ਸਿਵਲ ਲਾਈਨ ਦੇ ਹੀ ਇਕ ਨੌਜਵਾਨ ਨਾਲ ਕਰ ਦਿੱਤਾ ਸੀ। ਇਸ ਤੋਂ ਬਾਅਦ ਆਕਾਸ਼ ਕਾਫੀ ਪਰੇਸ਼ਾਨ ਰਹਿੰਦਾ ਸੀ। ਅਕਸਰ ਉਹ ਪ੍ਰੇਮਿਕਾ ਦੇ ਘਰ ਦੇ ਸਾਹਮਣੇ ਚੱਕਰ ਲਗਾਉਂਦਾ ਰਹਿੰਦਾ ਸੀ। ਇਸ ਦਾ ਪਤਾ ਪ੍ਰੇਮਿਕਾ ਦੇ ਪਤੀ ਨੂੰ ਲੱਗ ਗਿਆ। ਬੁੱਧਵਾਰ ਸਵੇਰੇ ਜਦੋਂ ਉਹ ਗਲੀ 'ਚ ਚੱਕਰ ਲਗਾਉਂਦੇ ਹੋਏ ਇਕ ਦੁਕਾਨ ਦੇ ਬਾਹਰ ਜਾ ਕੇ ਬੈਠ ਗਿਆ ਤਾਂ ਉਸ ਨੂੰ ਪ੍ਰੇਮਿਕਾ ਦੇ ਪਤੀ ਨੇ ਦੇਖ ਲਿਆ ਤੇ ਉਸ ਨੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੱਦ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਚਣ ਲਈ ਉਕਤ ਨੌਜਵਾਨ ਉਥੋਂ ਭੱਜ ਗਿਆ ਤੇ ਰਾਸਤੇ 'ਚ ਇਕ ਨਾਲੇ 'ਚ ਡਿੱਗ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਇਕ ਘੰਟੇ ਬਾਅਦ ਨਾਲੇ 'ਚੋਂ ਕੱਢਿਆ। ਇਸ ਉਪਰੰਤ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਆਕਾਸ਼ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਗਿਆ ਉਨ੍ਹਾਂ ਦੇ ਮੁੰਡੇ ਦੀ ਕੁੱਟਮਾਰ ਕਰਕੇ ਉਸ ਨੂੰ ਨਾਲੇ 'ਚ ਸੁੱਟਿਆ ਗਿਆ ਹੈ।