ਰੰਜਿਸ਼ ਦੇ ਚੱਲਦਿਆ ਆਪਸ ''ਚ ਭਿੜੀਆਂ ਦੋ ਧਿਰਾਂ, ਨੌਜਵਾਨ ਦੀ ਲਾਹੀ ਪੱਗ

Monday, May 25, 2020 - 09:36 AM (IST)

ਲੁਧਿਆਣਾ (ਜ.ਬ.) : ਥਾਣਾ ਸਦਰ ਅਧੀਨ ਆਉਂਦੇ ਸ਼ਹੀਦ ਭਗਤ ਸਿੰਘ ਨਗਰ 'ਚ ਰੰਜਿਸ਼ ਕਾਰਨ 2 ਧਿਰਾਂ 'ਚ ਹੋਈ ਲੜਾਈ 'ਚ ਇਕ ਸਿੱਖ ਨੌਜਵਾਨ ਦੀ ਪੱਗ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ ਉਸ ਦੀ ਦਾੜੀ ਵੀ ਨੋਚੀ ਗਈ। ਬਚਾਅ ਕਰਨ ਆਈ ਪਤਨੀ ਨੂੰ ਵੀ ਨਹੀਂ ਬਖਸ਼ਿਆ। ਫਰਾਰ ਹੁੰਦੇ ਸਮੇਂ ਦੋਸ਼ੀ ਉਸ ਦੀ ਪੱਗ ਨਾਲ ਲੈ ਗਿਆ। ਪੁਲਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲਾਕ ਡਾਊਨ ਦੌਰਾਨ ਅੰਮ੍ਰਿਤਸਰ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਜਾਣੋ ਕੀ ਹੈ ਪੂਰਾ ਮਾਮਲਾ

ਪੀੜਤ ਗੁਰਵਿੰਦਰ ਸਿੰਘ ਹਾਂਸ (44) ਹਿੰਦੁਸਤਾਨ ਟਾਇਰ ਕੰਪਨੀ 'ਚ ਡਰਾਈਵਰੀ ਕਰਦਾ ਹੈ। ਬੀਤੇ ਦਿਨ ਗੁਆਂਢ 'ਚ ਰਹਿਣ ਵਾਲੇ ਸੰਨੀ ਨੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨਾਲ ਗਾਲੀ-ਗਲੋਚ ਕੀਤਾ। ਸ਼ਾਮ ਨੂੰ ਉਹ ਕੰਮ ਤੋਂ ਮੁੜਿਆ ਤਾਂ ਪਤਨੀ ਨੇ ਸੰਨੀ ਦੀ ਇਸ ਹਰਕਤ ਬਾਰੇ ਦੱਸਿਆ। ਸੰਨੀ ਤੋਂ ਇਸ ਬਾਰੇ ਪੁੱਛਣ ਲਈ ਉਹ ਉਸ ਦੇ ਘਰ ਦੇ ਬਾਹਰ ਗਿਆ। ਸੰਨੀ ਉਸ ਨੂੰ ਆਪਣੇ 3 ਦੋਸਤਾਂ ਦੀਪਾ, ਰਾਣਾ ਅਤੇ ਗੁੱਗੀ ਉਰਫ ਗੁਰੀ ਦੇ ਨਾਲ ਗਲੀ 'ਚ ਖੜ੍ਹਾ ਦਿਖਾਈ ਦਿੱਤਾ। ਉਸ ਨੇ ਸੰਨੀ ਨਾਲ ਗਾਲੀ-ਗਲੋਚ ਕਾਰਨ ਪੁੱਛਿਆ ਤਾਂ ਉਹ ਤੈਸ਼ 'ਚ ਆ ਗਿਆ। ਗੁਰਵਿੰਦਰ ਦੀ ਪੱਗ ਉਸ ਨੇ ਹੱਥ ਮਾਰ ਕੇ ਉਤਾਰ ਦਿੱਤੀ। ਇੰਨੇ ਵਿਚ ਉਸ ਦੇ ਸਾਥੀ ਵੀ ਗੁਰਵਿੰਦਰ 'ਤੇ ਟੁੱਟ ਪਏ। ਗੁਰਵਿੰਦਰ ਨੇ ਕਥਿਤ ਤੌਰ 'ਤੇ ਦਾੜੀ ਨੋਚੀ। ਰਾਣੇ ਨੇ ਇੱਟਾਂ ਨਾਲ ਉਸ ਦਾ ਸਿਰ ਪਾੜ ਦਿੱਤਾ। ਚਾਰਾਂ ਨੇ ਮਿਲ ਕੇ ਉਸ ਨੂੰ ਬੁਰੀ ਨਾਲ ਕੁੱਟਿਆ। ਗੁਰਪ੍ਰੀਤ ਦਾ ਬਚਾਅ ਕਰਨ ਆਈ ਉਸ ਦੀ ਪਤਨੀ ਨੂੰ ਵੀ ਇੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਮਦਦ ਲਈ ਜੋੜਾ ਰੌਲਾ ਪਉਣ ਲੱਗਾ। ਚੀਕਾਂ ਸੁਣ ਕੇ ਗੁਆਂਢ ਦੇ ਲੋਕ ਘਰੋਂ ਬਾਹਰ ਆਏ। ਇਸ ਦੌਰਾਨ ਦੋਸ਼ੀ ਫਰਾਰ ਹੋ ਗਏ। ਭੱਜਦੇ ਸਮੇਂ ਦੋਸ਼ੀ ਪੱਗ ਨਾਲ ਲੈ ਗਏ ਅਤੇ ਦੋਬਾਰਾ ਦੇਖ ਲੈਣ ਦੀ ਧਮਕੀ ਦਿੱਤੀ।

ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੂੰ ਲੈ ਕੇ ਆਪਸ 'ਚ ਭਿੜੇ ਰਿਸ਼ਤੇਦਾਰ, ਘਟਨਾ ਹੋਈ ਕੈਮਰੇ 'ਚ ਕੈਦ

ਗੁਰਵਿੰਦਰ ਦਾ ਦੋਸ਼ ਹੈ ਕਿ ਸੰਨੀ ਉਸ ਦੇ ਸਾਥੀਆਂ ਨੇ ਇਹ ਸਭ ਕੁਝ ਜਾਣਬੁੱਝ ਕੇ ਉਸ ਨੂੰ ਬੇਇੱਜ਼ਤ ਕਰਨ ਦੇ ਇਰਾਦੇ ਨਾਲ ਕੀਤਾ। ਹਮਲਾ ਕਰਨ ਤੋਂ ਪਹਿਲਾਂ ਦੋਸ਼ੀਆਂ ਨੇ ਉਸ ਨੂੰ ਧਮਕਾਇਆ ਸੀ ਕਿ ਉਸ ਨੂੰ ਸਿੱਖ ਹੋਣ ਦਾ ਸਬਕ ਸਿਖਾਉਣਗੇ। ਉਸ ਨੂੰ ਅਤੇ ਉਸ ਦੀ ਪਤਨੀ ਨੂੰ ਉਨ੍ਹਾਂ ਦੇ ਇਕ ਰਿਸ਼ਤੇਦਾਰ ਜਗਜੀਤ ਸਿੰਘ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਨੀ ਨੇ ਬਿਨਾਂ ਵਜ੍ਹਾ ਕਈ ਵਾਰ ਉਸ ਦੀ ਪਤਨੀ ਨਾਲ ਗਾਲੀ-ਗਲੋਚ ਕੀਤਾ ਸੀ। ਜਿਸ ਦਾ ਉਸ ਦੀ ਪਤਨੀ ਨੇ ਮੂੰਹ ਤੋੜ ਜਵਾਬ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਸੰਨੀ ਉਸ ਨਾਲ ਰੰਜਿਸ਼ ਰੱਖਦਾ ਸੀ। ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਕੁੱਟ-ਮਾਰ ਅਤੇ ਧਮਕੀਆਂ ਦੇਣ ਦਾ ਪਾਇਆ ਹੈ। ਗੁਰਵਿੰਦਰ ਦੀ ਸ਼ਿਕਾਇਤ 'ਤੇ ਚਾਰੇ ਦੋਸ਼ੀਆਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਦਕਿ ਦੂਜੀ ਧਿਰ ਦੇ ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਗਲਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖਬਰ : ਤੇਜ਼ਧਾਰ ਹਥਿਆਰਾਂ ਨਾਲ ਦੋ ਕੁੜੀਆਂ ਸਮੇਤ ਤਿੰਨ ਦਾ ਕਤਲ

 


Baljeet Kaur

Content Editor

Related News