ਇਸ ਵਾਰ ਲੁਧਿਆਣਾ ''ਚ ਦੋ EVM ਮਸ਼ੀਨਾਂ ''ਤੇ ਹੋਵੇਗੀ ਵੋਟਿੰਗ, ਜਾਣੋ ਕਾਰਨ

05/03/2019 9:26:38 AM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਲਈ ਲੁਧਿਆਣਾ ਸੀਟ 'ਤੇ ਪਿਛਲੀ ਵਾਰ ਨਾਲੋਂ 9 ਉਮੀਦਵਾਰ ਵਧ ਗਏ ਹਨ, ਜਿਸ ਕਾਰਨ ਦੋ ਈ.ਵੀ.ਐੱਮ. ਮਸ਼ੀਨਾਂ 'ਤੇ ਵੋਟਿੰਗ ਹੋਵੇਗੀ।

ਇੱਥੇ ਦੱਸਣਾ ਉਚਿਤ ਹੋਵੇਗਾ ਕਿ ਈ.ਵੀ.ਐੱਮ. ਮਸ਼ੀਨ 'ਤੇ 16 ਉਮੀਦਵਾਰਾਂ ਦੇ ਨਾਂ ਅਤੇ ਚੋਣ ਨਿਸ਼ਾਨ ਮਾਰਕ ਕਰਨ ਲਈ ਪੈਨਲ ਬਣੇ ਹੋਏ ਹਨ, ਜਦੋਂਕਿ ਆਖਰੀ ਬਟਨ 'ਨੋਟਾ' ਲਈ ਰੱਖਿਆ ਜਾਂਦਾ ਹੈ ਜਿੱਥੋਂ ਤੱਕ ਪਿਛਲੀਆਂ ਲੋਕ ਸਭਾ ਚੋਣਾਂ ਦਾ ਸਵਾਲ ਹੈ, ਉਸ ਦੌਰਾਨ 13 ਉਮੀਦਵਾਰ ਮੈਦਾਨ ਵਿਚ ਹੋਣ ਕਾਰਨ ਇਕ ਹੀ ਈ.ਵੀ.ਐੱਮ. ਮਸ਼ੀਨ ਨਾਲ ਕੰਮ ਚਲ ਗਿਆ ਸੀ ਪਰ ਇਸ ਵਾਰ 28 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿਚੋਂ 5 ਨਾਮਜ਼ਦਗੀਆਂ ਨੂੰ ਸਕਰੂਟਨੀ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਅਤੇ ਇਕ ਉਮੀਦਵਾਰ ਨੇ ਵੀਰਵਾਰ ਨੂੰ ਨਾਂ ਵਾਪਸ ਲੈ ਲਿਆ ਹੈ, ਜਿਸ ਕਾਰਨ 22 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ ਜਿਸ ਦੇ ਆਧਾਰ 'ਤੇ ਚੋਣ ਕਰਵਾਉਣ ਲਈ ਪ੍ਰਸ਼ਾਸਨ ਨੂੰ 2 ਈ.ਵੀ.ਐੱਮ. ਮਸ਼ੀਨਾਂ ਲਾਉਣ ਦਾ ਫੈਸਲਾ ਲੈਣਾ ਪਿਆ ਹੈ।

ਨਵੇਂ ਸਿਰੇ ਤੋਂ ਹੋਵੇਗੀ ਚੈਕਿੰਗ ਦੀ ਪ੍ਰੋਸੈੱਸ
ਚੋਣ ਕਮਿਸ਼ਨ ਤੋਂ ਪ੍ਰਾਪਤ ਹੋਣ ਵਾਲੀਆਂ ਈ.ਵੀ.ਐੱਮ. ਮਸ਼ੀਨਾਂ ਨੂੰ ਫਸਟ ਲੈਵਲ ਚੈਕਿੰਗ ਵਿਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ, ਜਿਸ ਦੌਰਾਨ ਅਫਸਰਾਂ ਅਤੇ ਸਟਾਫ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਹ ਪ੍ਰਕਿਰਿਆ ਸਿੰਗਲ ਈ.ਵੀ.ਐੱਮ. ਮਸ਼ੀਨ ਦੇ ਹਿਸਾਬ ਨਾਲ ਪਹਿਲਾਂ ਹੀ ਮੁਕੰਮਲ ਕਰ ਲਈ ਗਈ ਹੈ ਪਰ ਹੁਣ ਇਕ ਹੋਰ ਈ.ਵੀ.ਐੱਮ. ਮਸ਼ੀਨ ਲਾਉਣ ਦੀ ਲੋੜ ਪਈ ਹੈ ਤਾਂ ਉਨ੍ਹਾਂ ਦੀ ਚੈਕਿੰਗ ਲਈ ਸਾਰੀ ਪ੍ਰੋਸੈੱਸ ਨਵੇਂ ਸਿਰੇ ਤੋਂ ਹੋਵੇਗੀ।

30 ਫੀਸਦੀ ਈ.ਵੀ.ਐੱਮ. ਮਸ਼ੀਨਾਂ ਰੱਖਣੀਆਂ ਹੋਣਗੀਆਂ ਰਾਖਵੀਆਂ
ਨਿਯਮਾਂ ਦੇ ਮੁਤਾਬਕ 30 ਫੀਸਦੀ ਈ.ਵੀ.ਐੱਮ. ਮਸ਼ੀਨਾਂ ਰਾਖਵੀਆਂ ਰੱਖਣੀਆਂ ਹੋਣਗੀਆਂ ਜਿਨ੍ਹਾਂ ਨੂੰ ਵਿਧਾਨ ਸਭਾ ਹਲਕਾ ਵਾਈਜ਼ ਰਿਟਰਨਿੰਗ ਅਫਸਰ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਖਰਾਬੀ ਹੋਣ ਦੀ ਸੂਰਤ ਵਿਚ ਬਦਲਵਈਂ ਈ.ਵੀ.ਐੱਮ. ਮਸ਼ੀਨ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ। ਹੁਣ ਦੋ ਈ.ਵੀ.ਐੱਮ. ਮਸ਼ੀਨਾਂ ਲਾਉਣ ਦੀ ਲੋੜ ਪੈਣ 'ਤੇ ਰਾਖਵੀਂਆਂ ਰੱਖੀਆਂ ਜਾਣ ਵਾਲੀਆਂ ਮਸ਼ੀਨਾਂ ਦੇ ਹਿਸਾਬ ਨਾਲ ਡਿਮਾਂਡ ਬਣਾ ਕੇ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ।

ਸਟ੍ਰਾਂਗ ਰੂਮ ਦੀ ਜਗ੍ਹਾ ਵਿਚ ਵੀ ਕਰਨਾ ਹੋਵੇਗਾ ਵਿਸਤਾਰ
ਪ੍ਰਸ਼ਾਸਨ ਵੱਲੋਂ ਪਹਿਲਾਂ ਸਿੰਗਲ ਈ.ਵੀ.ਐੱਮ. ਮਸ਼ੀਨ ਲਾਉਣ ਦੇ ਹਿਸਾਬ ਨਾਲ ਪੀ.ਏ.ਯੂ. ਵਿਚ ਵਿਧਾਨ ਸਭਾ ਹਲਕਾ ਵਾਇਜ਼ ਸਟ੍ਰਾਂਗ ਰੂਮ ਬਣਾਏ ਗਏ ਸਨ ਪਰ ਹੁਣ ਦੋ ਈ.ਵੀ.ਐੱਮ. ਮਸ਼ੀਨਾਂ ਲਾਉਣ ਦੀ ਲੋੜ ਪੈਣ 'ਤੇ ਸਟ੍ਰਾਂਗ ਰੂਮ ਦੀ ਜਗ੍ਹਾ ਵਿਚ ਵੀ ਵਿਸਤਾਰ ਕਰਨਾ ਹੋਵੇਗਾ, ਜਿਸ ਦੇ ਲਈ ਅਫਸਰਾਂ ਵੱਲੋਂ ਸਟ੍ਰਾਂਗ ਰੂਮ ਦੀ ਸਾੲੀਟ 'ਤੇ ਦੌਰਾ ਕੀਤਾ ਜਾ ਰਿਹਾ ਹੈ।


cherry

Content Editor

Related News