ਢੀਂਡਸਾ ਅਤੇ ਜੀ. ਕੇ. ਦੀ ''ਛਾਂਟੀ'' ਭਾਜਪਾ ਦੇ ਹਾਜ਼ਮੇ ਤੋਂ ਬਾਹਰ

02/08/2020 9:14:35 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਤੋਂ ਇਲਾਵਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਪਾਰਟੀ 'ਚੋਂ ਬਾਹਰਲਾ ਰਸਤਾ ਦਿਖਾਉਣ ਵਰਗੀ ਕਾਰਵਾਈ ਨਾਲ ਜਿੱਥੇ ਪਾਰਟੀ ਵਿਚ ਬੈਠੇ ਸੀਨੀਅਰ ਅਕਾਲੀ ਨੇਤਾ ਦੱਬੀ ਜ਼ੁਬਾਨ ਨਾਲ ਇਸ ਨੂੰ ਜਲਦਬਾਜ਼ੀ ਕਰਾਰ ਦੇ ਰਹੇ ਹਨ, ਉਥੇ ਹੀ ਅਕਾਲੀਆਂ ਦੀ ਭਾਈਵਾਲ ਭਾਜਪਾ, ਖਾਸਕਰ ਦਿੱਲੀ ਬੈਠੀ ਹਾਈਕਮਾਂਡ ਵੱਲੋਂ ਇਨ੍ਹਾਂ ਆਗੂਆਂ ਖਿਲਾਫ ਕੀਤੀ ਕਾਰਵਾਈ ਹਾਜ਼ਮੇ ਤੋਂ ਬਾਹਰ ਦੱਸੀ ਜਾ ਰਹੀ ਹੈ ਕਿਉਂਕਿ ਇਹ ਦੋਵੇਂ ਨੇਤਾ ਆਪਣੇ ਆਪ 'ਚ ਦਿੱਲੀ 'ਚ ਵੱਡਾ ਸਥਾਨ ਰੱਖਦੇ ਹਨ।

ਹਜ਼ਮ ਨਾ ਹੋਣ ਦੀ ਕਾਰਵਾਈ 'ਤੇ ਸੂਤਰਾਂ ਨੇ ਦੱਸਿਆ ਕਿ ਦਿੱਲੀ ਭਾਜਪਾ ਵਾਲੇ ਖਾਸਕਰ ਮੋਦੀ ਅਤੇ ਸ਼ਾਹ ਤੇ ਹੋਰ ਆਗੂ ਜੀ. ਕੇ. 'ਤੇ ਇਸ ਕਰਕੇ ਜ਼ਿਆਦਾ ਭਰੋਸਾ ਕਰਦੇ ਹਨ ਕਿਉਂਕਿ ਜੀ. ਕੇ. ਸਰਨਿਆਂ ਪਾਸੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਕਿਆਂ ਦੇ ਅੱਗੇ ਲੱਗ ਕੇ ਦੋ ਵਾਰ ਖੋਹਣ ਵਾਲਾ ਵੱਡਾ ਆਗੂ ਹੈ, ਜਦੋਂਕਿ ਇਸ ਦੇ ਆਉਣ 'ਤੇ 3 ਅਕਾਲੀ ਵਿਧਾਇਕ ਵੀ ਬਣੇ, ਜਿਸ ਨਾਲ ਬਾਦਲਾਂ ਦੇ ਦਿੱਲੀ ਵਿਚ ਪੈਰ ਲੱਗੇ, ਬਾਕੀ ਜੀ. ਕੇ. ਦੇ ਪਿਤਾ ਸਵ. ਸੰਤੋਖ ਸਿੰਘ ਦੀ ਪਕੜ ਦਿੱਲੀ ਵਿਚ ਕਿਸੇ ਤੋਂ ਲੁਕੀ ਨਹੀਂ ਹੈ।

ਬਾਕੀ ਭਾਜਪਾ ਪੰਜਾਬ ਦੀ ਹਾਰ ਤੋਂ ਬਾਅਦ ਜੀ. ਕੇ. ਵੱਲੋਂ ਦਿੱਲੀ ਵਿਚ ਦੂਜੀ ਵਾਰ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੋਣਾ ਭਾਜਪਾ ਉਸ ਨੂੰ ਵੀ ਕ੍ਰਿਸ਼ਮਾ ਮੰਨਦੀ ਹੈ ਕਿਉਂਕਿ ਉਨ੍ਹਾਂ ਦਿਨਾਂ ਵਿਚ ਬਰਗਾੜੀ ਕਾਂਡ ਦਾ ਪੂਰਾ ਰੋਸ ਸੀ। ਇਹ ਕਾਰਜ ਦੇਖਣ ਤੋਂ ਬਾਅਦ ਜੀ. ਕੇ. ਭਾਜਪਾ ਦੀ ਗੁੱਡ ਬੁੱਕ ਵਿਚ ਉਸ ਵੇਲੇ ਦੇ ਮੰਨੇ ਜਾ ਰਹੇ ਹਨ। ਇਸੇ ਤਰ੍ਹਾਂ ਢੀਂਡਸਾ ਬਾਰੇ ਭਾਜਪਾ ਦੇ ਆਗੂਆਂ ਦਾ ਇਹ ਸੋਚਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਢੀਂਡਸਾ ਵੱਡੇ ਕੱਦ ਦੇ ਨੇਤਾ ਹਨ ਅਤੇ ਉਹ ਅਟਲ ਬਿਹਾਰੀ ਵਾਜਪਾਈ ਸਰਕਾਰ 'ਚ ਯੋਗਤਾ ਦੇ ਆਧਾਰ 'ਤੇ ਵਜ਼ੀਰ ਰਹੇ। ਸ਼ਾਂਤ, ਸਾਊ ਅਤੇ ਠਰੰਮੇ ਵਾਲੇ ਖਾਸ ਕਰ ਦਿੱਲੀ ਵਰਗੇ ਸ਼ਹਿਰੀ ਸਿੱਖਾਂ ਵਿਚ ਉਨ੍ਹਾਂ ਦੀ ਪਕੜ ਦੇ ਭਾਜਪਾ ਵਾਲੇ ਕਾਇਲ ਹਨ। ਹੁਣ ਇਨ੍ਹਾਂ ਦੋਵਾਂ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਹੁਣ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਦਿੱਲੀ ਚੋਣਾਂ ਤੋਂ ਬਾਅਦ ਭਾਜਪਾ ਕੋਈ ਵੱਡਾ ਫੈਸਲਾ ਵੀ ਲੈ ਸਕਦੀ ਹੈ। ਫੈਸਲਾ ਕੀ ਹੋਵੇਗਾ ਇਹ ਗਰਭ ਵਿਚ ਪਲ ਰਿਹਾ ਹੈ।


cherry

Content Editor

Related News