ਲੁਧਿਆਣਾ ''ਚ ਜੰਗਲ ਰਾਜ ਜਾਰੀ, ਸਾਈਡ ਦੇਣ ਨੂੰ ਲੈ ਕੇ ਕਿਹਾ ਤਾਂ ਕਰ ਦਿੱਤੀ ਕੁੱਟਮਾਰ
Saturday, Sep 05, 2020 - 06:23 PM (IST)
ਲੁਧਿਆਣਾ (ਰਾਮ) : ਮਹਾਨਗਰ 'ਚ ਪੁਲਸ ਪ੍ਰਸ਼ਾਸਨ ਨਾਂ ਦੀ ਕੋਈ ਵਿਵਸਥਾ ਵਿਖਾਈ ਨਹੀਂ ਦੇ ਰਹੀ। ਜੇਕਰ ਪੀੜਤ ਪੁਲਸ ਨਾਲ ਸੰਪਰਕ ਕਰਦੇ ਹਨ ਤਾਂ ਉਨ੍ਹਾਂ ਨੂੰ ਖੱਜਲ ਕਰਦੇ ਹੋਏ ਆਪਣਾ ਪੱਲਾ ਝਾੜ ਕੇ ਦੂਸਰੇ ਥਾਣੇ ਚੌਕੀ 'ਚ ਭੇਜਿਆ ਜਾਂ ਦਾ ਹੈ ਜਦਕਿ ਕੁਝ ਦਿਨ ਪਹਿਲਾਂ ਹੀ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਜ਼ੀਰੋ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਵੀ ਜਾਰੀ ਕੀਤੇ ਹੋਏ ਹਨ। ਤਾਜ਼ਾ ਮਾਮਲੇ 'ਚ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੁੱਢੇਵਾਲ ਸਥਿਤ ਇਕ ਡਾਇੰਗ ਫੈਕਟਰੀ ਦਾ ਛੋਟਾ ਹਾਥੀ ਚਲਾਉਂਦਾ ਹੈ। ਵੀਰਵਾਰ ਦੀ ਸ਼ਾਮ ਕਰੀਬ ਸਾਢੇ 7 ਵਜੇ ਉਹ ਰਾਹੋਂ ਰੋਡ ਵਾਲੀ ਸਾਈਡ ਤੋਂ ਲੇਬਰ ਦੇ ਕੁਝ ਬੰਦੇ ਬਿਠਾ ਕੇ ਆ ਰਿਹਾ ਸੀ। ਪਿੰਡ ਤਾਜਪੁਰ ਦੇ ਨੇੜੇ ਸਾਹਮਣੇ 2 ਗੱਡੀਆਂ ਆ ਰਹੀਆਂ ਸਨ, ਜਿਨ੍ਹਾਂ ਨਾਲ 2 ਮੋਟਰਸਾਈਕਲ ਵੀ ਸਨ।
ਇਹ ਵੀ ਪੜ੍ਹੋ : ਅਫ਼ਵਾਹ ਜਾਂ ਸੱਚ : ਕੋਰੋਨਾ ਮਰੀਜ਼ਾਂ ਦੀ ਮੌਤ 'ਤੇ ਉਨ੍ਹਾਂ ਦੇ ਅੰਗ ਕੱਢ ਲੈਂਦੇ ਹਨ ਹਸਪਤਾਲ, ਪੜ੍ਹੋ ਪੂਰੀ ਖ਼ਬਰ
ਰਸਤਾ ਛੋਟਾ ਹੋਣ ਕਾਰਨ ਉਸਨੇ ਗੱਡੀ ਵਾਲਿਆਂ ਨੂੰ ਲਾਈਟਾਂ ਦੇ ਕੇ ਰਸਤਾ ਦੇਣ ਲਈ ਕਿਹਾ ਪਰ ਉਨ੍ਹਾਂ ਨੇ ਰਸਤਾ ਦੇਣ ਦੀ ਬਜਾਏ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਸਪ੍ਰੀਤ ਨੇ ਆਪਣਾ ਛੋਟਾ ਹਾਥੀ ਬੈਕ ਕਰ ਕੇ ਉਨ੍ਹਾਂ ਨੂੰ ਸਾਈਡ ਦੇਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਗੱਡੀਆਂ 'ਚ ਸਵਾਰ ਨੌਜਵਾਨਾਂ ਨੇ ਜਸਪ੍ਰੀਤ ਨਾਲ ਅਤੇ ਉਸਦੇ ਸਾਥੀ ਨਾਲ ਕੁੱਟਮਾਰ ਕਰਦੇ ਹੋਏ ਉਨ੍ਹਾਂ ਨੇ ਛੋਟੇ ਹਾਥੀ ਦੀ ਵੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਗੱਡੀ ਵਾਲੇ ਹਮਲਾਵਰਾਂ ਨੇ ਕਥਿਤ ਤੇਜ਼ਧਾਰ ਹਥਿਆਰ ਨਾਲ ਵੀ ਜਸਪ੍ਰੀਤ ਅਤੇ ਉਸਦੇ ਸਾਥੀ ਉਪਰ ਹਮਲਾ ਕੀਤਾ, ਜਿਸ ਤੋਂ ਬਾਅਦ ਹਮਲਾਵਰ ਉਥੋਂ ਚਲੇ ਗਏ। ਜਸਪ੍ਰੀਤ ਨੇ ਦੱਸਿਆ ਕਿ ਉਸਨੇ ਇਕ ਗੱਡੀ ਦਾ ਨੰਬਰ ਨੋਟ ਕੀਤਾ ਸੀ ਪਰ ਉਕਤ ਨੰਬਰ ਕਿਸੇ ਆਟੋ ਦਾ ਹੈ, ਜਿਸ ਨੂੰ ਨਾਜ਼ਾਇਜ਼ ਤਰੀਕੇ ਨਾਲ ਗੱਡੀ 'ਤੇ ਲਾਇਆ ਹੋਇਆ ਸੀ। ਜਸਪ੍ਰੀਤ ਨੇ ਦੱਸਿਆ ਕਿ ਕਿਸੇ ਤਰ੍ਹਾਂ ਇਕ ਕਲੀਨਿਕ ਤੋਂ ਮੱਲ੍ਹਮ-ਪੱਟੀ ਕਰਵਾਈ, ਇਸ ਦੌਰਾਨ ਉਨ੍ਹਾਂ ਨੂੰ ਪੀ. ਸੀ. ਆਰ. ਮੁਲਾਜ਼ਮ ਮਿਲੇ, ਜਿਨ੍ਹਾਂ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਟਾਲਾ ਵੱਟ ਲਿਆ। ਜਦੋਂ ਉਨ੍ਹਾਂ ਨੇ ਡਾਇੰਗ ਫੈਕਟਰੀ ਵਿਚ ਪਹੁੰਚ ਕੇ ਨੇੜੇ ਸਥਿਤ ਚੌਕੀ 'ਚ ਰਿਪੋਰਟ ਦਰਜ ਕਰਵਾਉਣੀ ਚਾਹੀ ਤਾਂ ਚੌਕੀ ਵਾਲਿਆਂ ਨੇ ਕਿਹਾ ਕਿ ਘਟਨਾ ਥਾਣਾ ਜਮਾਲਪੁਰ ਦੇ ਅਧਿਕਾਰ ਖੇਤਰ 'ਚ ਵਾਪਰੀ ਹੈ, ਇਸ ਲਈ ਉਥੇ ਜਾ ਕੇ ਸ਼ਿਕਾਇਤ ਦਰਜ ਕਰਵਾਓ। ਜਸਪ੍ਰੀਤ ਨੇ ਦੱਸਿਆ ਕਿ ਹੁਣ ਉਸਨੇ ਥਾਣਾ ਜਮਾਲਪੁਰ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਜਦੋਂ ਥਾਣਾ ਜਮਾਲਪੁਰ ਦੇ ਇੰਚਾਰਜ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ, ਜਦਕਿ ਜਾਂਚ ਅਧਿਕਾਰੀ ਨੇ ਫੋਨ ਰਿਸੀਵ ਨਹੀਂ ਕੀਤਾ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦੀ ਮੌਤ 'ਤੇ ਅਕਾਲੀ ਦਲ ਟਕਸਾਲੀ ਨੇ ਚੁੱਕੇ ਸਵਾਲ