ਸੁਰੱਖਿਆ ਦੀ ਕਮੀ ਕਾਰਨ ਗੈਂਗਸਟਰਾਂ ਤੋਂ ਮੇਰੀ ਜਾਨ ਨੂੰ ਖਤਰਾ : ਜੇਲ ਸੁਪਰਡੈਂਟ
Sunday, Jul 07, 2019 - 11:01 AM (IST)
ਲੁਧਿਆਣਾ (ਸਿਆਲ) - ਕੇਂਦਰੀ ਜੇਲ 'ਚ ਬੰਦੀਆਂ ਵਲੋਂ 27 ਜੂਨ ਨੂੰ ਹੰਗਾਮੇ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਪੱਤਰਕਾਰਾਂ ਸਾਹਮਣੇ ਆਪਣੀ ਸੁਰੱਖਿਆ 'ਚ ਕਮੀ ਤੇ ਜੇਲ 'ਚ ਖੱਲ ਰਹੀਆਂ ਕਮੀਆਂ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਜੇਲ ਦੀਆਂ ਬੈਰਕਾਂ ਦੇ ਬਾਹਰ ਸੁਰੱਖਿਆ ਦੀ ਭਾਰੀ ਕਮੀ ਹੈ, ਜਿਨ੍ਹਾਂ ਨੂੰ ਪੂਰਾ ਕਰਨ ਲਈ ਘੱਟ ਤੋਂ ਘੱਟ ਇਕ ਬੈਰਕ 'ਚ 10 ਮੁਲਾਜ਼ਮ ਹੋਣੇ ਜ਼ਰੂਰੀ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਟਾਵਰਾਂ 'ਤੇ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਦੇ ਕੋਲ ਸਾਲ 1978 ਦੀਆਂ ਰਾਈਫਲਾਂ ਹਨ, ਜਦੋਂਕਿ ਆਧੁਨਿਕ ਕਿਸਮ ਦੇ ਹਥਿਆਰ ਹੋਣੇ ਚਾਹੀਦੇ ਹਨ। ਜੇਲ ਦੀ ਬਾਹਰੀ ਕੰਧ ਦੇ ਰਸਤਿਓਂ ਪੈਕੇਟਾਂ 'ਚ ਇਤਰਾਜ਼ਯੋਗ ਸਾਮਾਨ ਸੁੱਟੇ ਜਾਣ ਨਾਲ ਮੋਬਾਇਲ ਆਉਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਪਰ ਇਸ ਲਈ ਜੇਲ ਦੀ ਕੰਧ ਦੇ ਬਾਹਰੀ ਰਸਤੇ 'ਤੇ ਪੁਲਸ ਪੈਟਰੋਲਿੰਗ ਗੱਡੀਆਂ ਦੀ ਗਸ਼ਤ ਨਾਂਹ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਜੇਲ ਦੀ ਡਿਓਢੀ 'ਚ ਅਜਿਹੀ ਆਧੁਨਿਕ ਐਕਸ-ਰੇ ਮਸ਼ੀਨ ਦੀ ਲੋੜ ਹੈ, ਜਿਸ 'ਚ ਬੰਦੀ ਨੂੰ ਖੜ੍ਹਾ ਕਰਕੇ ਬਾਡੀ ਦਾ ਪੂਰਾ ਪਾਰਟ ਦਿਖ ਸਕੇ ਕਿ ਉਸ ਨੇ ਕਿਸੇ ਤਰ੍ਹਾਂ ਦਾ ਇਤਰਾਜ਼ਯੋਗ ਸਾਮਾਨ ਤਾਂ ਨਹੀਂ ਲੁਕੋ ਰੱਖਿਆ।ਜੇਲ 'ਚ ਕੁਝ ਕਾਲੀਆਂ ਭੇਡਾਂ ਬੰਦੀਆਂ ਨੂੰ ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਮੁਹੱਈਆ ਕਰਵਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਬੇਸ਼ੱਕ ਜੇਲ ਪ੍ਰਸ਼ਾਸਨ ਨੇ 5 ਮੁਲਾਜ਼ਮਾਂ 'ਤੇ ਕੇਸ ਵੀ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਜੇਲ 'ਚ ਲੱਗੇ 64 ਸੀ. ਸੀ. ਟੀ. ਵੀ. 'ਚੋਂ 10 ਖਰਾਬ ਪਏ ਹਨ, ਜਦੋਂਕਿ ਹੰਗਾਮੇ ਦੀ ਘਟਨਾ ਵਾਲੇ ਦਿਨ ਕੁਝ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਤੋੜਿਆ ਵੀ ਹੈ ਜਿਸ ਦੀ ਅਸੀਂ ਫੁਟੇਜ ਕੱਢ ਕੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ। 10 ਜੁਲਾਈ ਨੂੰ ਜੇਲ 'ਚ ਪੰਜਾਬ ਦੀਆਂ ਜੇਲਾਂ ਦੇ ਗ੍ਰਹਿ ਸਕੱਤਰ ਕਿਰਪਾ ਸ਼ੰਕਰ ਸਰੋਜ ਵੀ ਆ ਰਹੇ ਹਨ ਜਿਨ੍ਹਾਂ ਨੂੰ ਜੇਲ ਦੀ ਸੁਰੱਖਿਆ ਕਮੀਆਂ ਪ੍ਰਤੀ ਇਕ ਲਿਖਤੀ ਪੱਤਰ ਵੀ ਦਿੱਤਾ ਜਾਵੇਗਾ।
ਬੋਪਾਰਾਏ ਨੇ ਕਿਹਾ ਕਿ ਜੇਲ ਵਿਚ ਘੱਟ ਤੋਂ ਘੱਟ 5 ਐਮਰਜੈਂਸੀ ਐਂਬੂਲੈਂਸਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਇਸ ਦੇ ਨਾਲ ਹੀ ਇਕ ਫਾਇਰ ਬ੍ਰਿਗੇਡ ਦੀ ਗੱਡੀ ਹਰ ਸਮੇਂ ਮੁਲਾਜ਼ਮਾਂ ਸਮੇਤ ਤਾਇਨਾਤ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਕਿਸਮ ਦੇ ਬੰਦੀਆਂ ਤੋਂ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਸੁਰੱਖਿਆ ਦੇ ਨਜ਼ਰੀਏ ਤੋਂ ਇਕ ਐਕਸਕੋਰਟ ਗੱਡੀ ਵੀ ਦਿੱਤੀ ਜਾਵੇ। ਇਸ ਵਿਸ਼ੇ ਵਿਚ ਸਰਕਾਰ ਅਤੇ ਜੇਲ ਵਿਭਾਗ ਨੂੰ ਵੀ ਇਕ ਪੱਤਰ ਭੇਜਿਆ ਗਿਆ ਹੈ। ਬੋਪਾਰਾਏ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪਲਾਸਟਿਕ ਦੀਆਂ ਗੋਲੀਆਂ ਵਾਲੇ ਹਥਿਆਰ ਮੁਹੱਈਆ ਕਰਵਾਏ ਜਾਣ ਤਾਂ ਕਿ ਕਿਸੇ ਤਰ੍ਹਾਂ ਦੀ ਹਿੰਸਕ ਘਟਨਾ ਨੂੰ ਕੰਟਰੋਲ ਕੀਤਾ ਜਾ ਸਕੇ।