780 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫਤਾਰ
Tuesday, Oct 08, 2019 - 03:48 PM (IST)
ਲੁਧਿਆਣਾ (ਅਨਿਲ ਗਾਦੜਾ) : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੁਨਿਟ ਨੇ ਇਕ ਨਸ਼ਾ ਤਸਕਰ ਨੂੰ 780 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐੱਸ.ਟੀ.ਐੱਫ. ਦੇ ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇਨਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰੀ ਖਾਸ ਨੇ ਸੂਚਨਾ ਦਿੱਤੀ ਸੀ ਕਿ ਮੋਤੀ ਨਗਰ ਇਲਾਕੇ ਤੋਂ ਇਕ ਨਸ਼ਾ ਤਸਕਰ ਥ੍ਰੀਵ੍ਹੀਲਰ ਵਿਚ ਹੈਰੋਇਨ ਦੀ ਖੇਪ ਲੈ ਕੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਿਹਾ ਹੈ, ਜਿਸ 'ਤੇ ਐੱਸ.ਟੀ.ਐੱਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਹੱਲਾ ਬੇਅੰਤਪੁਰਾ ਮੌੜ 'ਤੇ ਨਾਕਾਬੰਦੀ ਕੀਤੀ।
ਇਸ ਦੌਰਾਨ ਸਾਹਮਣਿਓਂ ਆ ਰਹੇ ਇਕ ਥ੍ਰੀਵ੍ਹੀਲਰ ਨੂੰ ਚੈਕਿੰਗ ਲਈ ਰੋਕਿਆ ਗਿਆ। ਜਦੋਂ ਪੁਲਸ ਨੇ ਚਾਲਕ ਨੂੰ ਬਾਹਰ ਕੱਢ ਕੇ ਡੀ.ਐੱਸ.ਪੀ. ਪਵਨਜੀਤ ਦੀ ਅਗਵਾਈ ਵਿਚ ਥ੍ਰੀਵ੍ਹੀਲਰ ਦੇ ਅੰਦਰ ਬਣੇ ਟੂਲ ਬਾਕਸ ਨੂੰ ਚੈਕ ਕੀਤਾ ਤਾਂ ਉਸ ਅੰਦਰੋਂ 780 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਨੇ ਤੁਰੰਤ ਥ੍ਰੀਵ੍ਹੀਲਰ ਚਾਲਕ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਦੀ ਪਛਾਣ ਪ੍ਰੇਮ ਮਸੀਹ (50) ਵਾਸੀ ਮੁਹੱਲ ਬੇਅੰਤਪੁਰਾ ਮੋਤੀ ਨਗਰ ਦੇ ਰੂਪ ਵਿਚ ਹੋਈ ਹੈ। ਪ੍ਰੇਮ ਮਸੀਹ ਵਿਰੁੱਧ ਮੋਹਾਲੀ ਐੱਸ.ਟੀ.ਐੱਫ. ਪੁਲਸ ਸਟੇਸ਼ਨ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੇ 20 ਸਾਲਾਂ ਤੋਂ ਕਰ ਰਿਹਾ ਹੈ ਨਸ਼ੇ ਦਾ ਕਾਰੋਬਾਰ
ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਪ੍ਰੇਮ ਮਸੀਹ ਪਿਛਲੇ ਕਰੀਬ 20 ਸਾਲ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ, ਜਿਸ 'ਤੇ ਵੱਖ-ਵੱਖ ਪੁਲਸ ਥਾਣਿਆਂ ਵਿਚ ਚੋਰੀ ਕਰਨ, ਸ਼ਰਾਬ ਵੇਚਣ ਅਤੇ ਨਸ਼ਾ ਵੇਚਣ ਦੇ ਕਰੀਬ ਡੇਢ ਦਰਜਨ ਮਾਮਲੇ ਦਰਜ ਹਨ। ਦੋਸ਼ੀ ਚੋਰੀ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਸਜ਼ਾ ਵੀ ਕੱਟ ਚੁੱਕਾ ਹੈ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਹ ਖੇਪ ਕਿਥੋਂ ਲੈ ਕੇ ਆਇਆ ਸੀ ਅਤੇ ਕਿਨ੍ਹਾਂ ਨੂੰ ਵੇਚਣ ਜਾ ਰਿਹਾ ਸੀ ਉਸ ਬਾਰੇ ਪਤਾ ਲਗਾਇਆ ਜਾ ਸਕੇ।