ਨਾਬਾਲਗਾ ਨਾਲ 3 ਨੌਜਵਾਨਾਂ ਨੇ ਬੰਦੀ ਬਣਾ ਕੇ ਕੀਤਾ ਜਬਰ-ਜ਼ਨਾਹ

Monday, Feb 24, 2020 - 10:00 AM (IST)

ਨਾਬਾਲਗਾ ਨਾਲ 3 ਨੌਜਵਾਨਾਂ ਨੇ ਬੰਦੀ ਬਣਾ ਕੇ ਕੀਤਾ ਜਬਰ-ਜ਼ਨਾਹ

ਲੁਧਿਆਣਾ (ਰਾਜ) : ਇਕ ਨਾਬਾਲਗ ਨੂੰ ਝਾਂਸਾ ਦੇ ਕੇ 3 ਨੌਜਵਾਨਾਂ ਨੇ ਜਬਰ-ਜ਼ਨਾਹ ਕੀਤਾ। ਪਹਿਲਾਂ ਗੁਆਂਢ 'ਚ ਰਹਿਣ ਵਾਲੀ ਔਰਤ ਨੇ ਲੜਕੀ ਨੂੰ ਆਪਣੇ ਇਕ ਜਾਣਕਾਰ ਨੌਜਵਾਨ ਦੇ ਅੱਗੇ ਪਰੋਸ ਦਿੱਤਾ, ਫਿਰ ਘਰ ਵਿਚ ਪਤਾ ਲੱਗਣ 'ਤੇ ਜਦ ਲੜਕੀ ਭੱਜ ਗਈ ਤਾਂ ਦੂਜੇ ਨੌਜਵਾਨ ਨੇ ਸਹਾਰੇ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕੀਤਾ ਅਤੇ ਫਿਰ ਆਪਣੇ ਦੋਸਤ ਦੇ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਦਿੱਤਾ। ਇਸ ਤਰ੍ਹਾਂ ਇਨ੍ਹਾਂ ਨੌਜਵਾਨਾਂ ਨੇ ਵੱਖ-ਵੱਖ ਸਮੇਂ 'ਤੇ ਨਾਬਾਲਗਾ ਦੇ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਫੋਕਲ ਪੁਆਇੰਟ ਪੁਲਸ ਨੇ ਮਹਿਲਾ ਸਮੇਤ 4 ਦੋਸ਼ੀਆਂ 'ਤੇ ਜਬਰ-ਜ਼ਨਾਹ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਮਹਿਲਾ ਸ਼ੋਭਾ ਹੈ, ਜਦਕਿ ਬਾਕੀ ਦੋਸ਼ੀ ਹਰਮਨ, ਦੀਪ ਅਤੇ ਉਸ ਦਾ ਦੋਸਤ ਸੂਰਜ ਹੈ।

ਪੀੜਤਾ ਦੀ ਸ਼ਿਕਾਇਤ ਅਨੁਸਾਰ ਉਸ ਦੇ ਗੁਆਂਢ ਵਿਚ ਰਹਿੰਦੀ ਸ਼ੋਭਾ ਨਾਮ ਦੀ ਮਹਿਲਾ ਅਕਸਰ ਉਸ ਦੇ ਕੋਲ ਆਇਆ ਜਾਇਆ ਕਰਦੀ ਸੀ। ਇਸ ਦੌਰਾਨ ਉਸ ਨੇ ਕਿਹਾ ਕਿ ਹਰਮਨ ਉਸ ਦਾ ਜਾਣਕਾਰ ਹੈ, ਉਸ ਨੇ ਹਰਮਨ ਨਾਲ ਗੱਲ ਕਰਨ ਲਈ ਕਿਹਾ ਤਾਂ ਉਹ ਉਸ ਦੇ ਨਾਲ ਗੱਲ ਕਰਨ ਲੱਗੀ। ਇਸ ਤੋਂ ਬਾਅਦ ਹਰਮਨ ਨੇ ਇਕ ਦਿਨ ਸ਼ੋਭਾ ਦੇ ਘਰ ਵਿਚ ਹੀ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਦੇ ਅਗਲੇ ਦਿਨ ਫਿਰ ਹਰਮਨ ਉਸ ਦੇ ਘਰ ਗਿਆ ਅਤੇ ਉਸ ਦੇ ਨਾਲ ਜ਼ਬਰਦਸਤੀ ਕੀਤੀ। ਰੋਲਾ ਸੁਣ ਕੇ ਉਸ ਦੀ ਨਾਨੀ ਆ ਗਈ ਸੀ, ਇਸ ਲਈ ਉਹ ਡਰ ਕੇ ਘਰ ਤੋਂ ਬਾਹਰ ਆ ਗਈ ਸੀ। ਹਰਮਨ ਵੀ ਭੱਜ ਗਿਆ।

ਪੀੜਤਾ ਮੁਤਾਬਕ ਉਹ ਇੰਨੀ ਡਰ ਗਈ ਸੀ ਕਿ ਘਰ ਨਹੀਂ ਜਾ ਸਕੀ। ਉਹ ਇਲਾਕੇ ਵਿਚ ਸਥਿਤ ਇਕ ਪਾਰਕ ਵਿਚ ਬੈਠੀ ਸੀ। ਇਸ ਦੌਰਾਨ ਦੀਪ ਨਾਮ ਦਾ ਨੌਜਵਾਨ ਆਇਆ ਅਤੇ ਉਸ ਨੂੰ ਰੋਂਦੇ ਦੇਖ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਘਰ ਨਹੀਂ ਜਾਣਾ ਚਾਹੁੰਦੀ। ਇਸ ਲਈ ਦੀਪ ਨੇ ਕਿਹਾ ਕਿ ਉਹ ਉਸ ਨੂੰ ਸਹਾਰਾ ਦੇਵੇਗਾ ਅਤੇ ਉਸ ਨੂੰ ਸੂਰਜ ਦੇ ਕਮਰੇ ਵਿਚ ਲੈ ਗਿਆ ਸੀ। ਉਸ ਸਮੇਂ ਸੂਰਜ ਕਮਰੇ ਵਿਚ ਨਹੀਂ ਸੀ। ਦੀਪ ਨੇ ਕਮਰੇ ਵਿਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਫਿਰ ਜਦੋਂ ਰਾਤ ਨੂੰ ਸੂਰਜ ਆਇਆ ਤਾਂ ਉਸ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰਦੇ ਰਹੇ। ਮੌਕਾ ਦੇਖ ਕੇ ਉਹ ਸੂਰਜ ਦੇ ਕਮਰੇ ਵਿਚੋਂ ਭੱਜ ਗਈ ਅਤੇ ਆਪਣੇ ਜੀਜੇ ਨੂੰ ਜਾ ਕੇ ਮਿਲੀ। ਇਸ ਦੇ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ। ਐਸ.ਐਚ.ਓ. ਮੁਹੰਮਦ ਜ਼ਮੀਲ ਦਾ ਕਹਿਣਾ ਹੈ ਕਿ 4 ਮੁਲਜ਼ਮਾਂ ਵਿਚੋਂ ਦੀਪ ਅਤੇ ਉਸ ਦੇ ਦੋਸਤ ਸੂਰਜ ਨੂੰ ਫੜ ਲਿਆ ਗਿਆ ਹੈ, ਜਦਕਿ ਮਹਿਲਾ ਸ਼ੋਭਾ ਅਤੇ ਹਰਮਨ ਅਜੇ ਫਰਾਰ ਹਨ। ਉਨ੍ਹਾਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


author

cherry

Content Editor

Related News