ਜਾਨ ਜੋਖਮ ''ਚ ਪਾ ਕੇ ਮਾਲ ਗੱਡੀ ਹੇਠੋਂ ਲੰਘਦੇ ਨੇ ਤਲਵੰਡੀ ਭਾਈ ਦੇ ਲੋਕ (ਦੇਖੋ ਤਸਵੀਰਾਂ)
Monday, Aug 14, 2017 - 02:58 PM (IST)
ਤਲਵੰਡੀ ਭਾਈ — ਤਲਵੰਡੀ ਭਾਈ 'ਚੋਂ ਲੰਘਦੀਆਂ ਲੁਧਿਆਣਾ-ਫਿਰੋਜ਼ਪੁਰ ਰੂਟ ਦੀਆਂ ਰੇਲਵੇ ਲਾਈਨਾਂ ਨੂੰ ਪਾਰ ਕਰਨ ਲਈ ਰੇਲਵੇ ਦਾ ਮੇਨ ਫਾਟਕ ਬਹੁਤਾ ਸਮਾਂ ਬੰਦ ਰਹਿਣ ਕਾਰਨ ਸ਼ਹਿਰ ਦੇ ਦੋਵੇਂ ਪਾਸਿਆਂ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੰਘਣ ਵਾਲੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਸਬੰਧੀ ਅਨੇਕਾਂ ਵਾਰ ਰੇਲਵੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਲਿਖਤੀ ਰੂਪ ਵਿਚ ਮੰਗ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਵਰਣਨਯੋਗ ਹੈ ਕਿ ਤਲਵੰਡੀ ਭਾਈ ਦੇ ਰੇਲਵੇ ਸਟੇਸ਼ਨ ਵਿਖੇ ਅਕਸਰ ਮਾਲ ਗੱਡੀਆਂ ਵਿਚ ਅਨਾਜ ਦੀ ਲੋਡਿੰਗ ਤੇ ਅਨਲੋਡਿੰਗ ਕਰਨ ਲਈ ਲਗਦੀਆਂ ਸਪੈਸ਼ਲਾਂ ਲਈ ਲੰਮੀਆਂ-ਲੰਮੀਆਂ ਮਾਲ ਗੱਡੀਆਂ 3 ਨੰਬਰ ਲਾਈਨ 'ਤੇ ਘੰਟਿਆਂਬੱਧੀ ਖੜ੍ਹੀਆਂ ਹੋ ਜਾਣ ਕਾਰਨ ਪੁਰਾਣੀ ਦਾਣਾ ਮੰਡੀ ਦੇ ਬਾਜ਼ਾਰ ਵਾਲਿਓਂ ਪਾਸੇ ਤੋਂ ਰੇਲ ਚੜ੍ਹਨ ਜਾਂ ਉਤਰਨ ਵਾਲੇ ਮੁਸਾਫਰਾਂ ਨੂੰ ਸਟੇਸ਼ਨ 'ਤੇ ਜਾਣ-ਆਉਣ ਲਈ ਇਨ੍ਹਾਂ ਮਾਲ ਗੱਡੀਆਂ ਦੇ ਥੱਲਿਓਂ ਦੀ ਲੰਮੇ ਪੈ ਕੇ ਰੇਲਵੇ ਲਾਈਨਾਂ ਪਾਰ ਕਰਨੀਆਂ ਪੈਂਦੀਆਂ ਹਨ ਤੇ ਇਸੇ ਤਰ੍ਹਾਂ ਹੀ ਰੇਲਵੇ ਲਾਈਨਾਂ ਤੋਂ ਪਾਰ ਪੈਂਦੇ ਗਰਲਜ਼ ਸਕੂਲ ਵਿਚ ਪੜ੍ਹਨ ਜਾਣ ਵਾਲੀਆਂ ਵਿਦਿਆਰਥਣਾਂ ਤੇ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਨੂੰ ਆਪਣੀ ਜਾਨ ਜੋਖਮ ਵਿਚ ਪਾ ਕੇ ਗੱਡੀ ਦੇ ਥੱਲਿਓਂ ਦੀ ਲੰਘ ਕੇ ਰੇਲਵੇ ਲਾਈਨਾਂ ਪਾਰ ਕਰਨੀਆਂ ਪੈਂਦੀਆਂ ਹਨ। ਦੱਸਣਯੋਗ ਹੈ ਕਿ ਇਸ ਤਰ੍ਹਾਂ ਰਿਸਕ ਲੈ ਕੇ ਲਾਈਨਾਂ ਪਾਰ ਕਰਨ ਵਾਲੇ ਅਨੇਕਾਂ ਲੋਕਾਂ ਨਾਲ ਭਿਆਨਕ ਹਾਦਸੇ ਵਾਪਰ ਚੁੱਕੇ ਹਨ ਤੇ ਅਨੇਕਾਂ ਜ਼ਿੰਦਗੀਆਂ ਰੇਲਵੇ ਮਹਿਕਮੇ ਦੀ ਲਾਪ੍ਰਵਾਹੀ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੀਆਂ ਹਨ।

ਕੀ ਮੰਗ ਹੈ ਸ਼ਹਿਰ ਵਾਸੀਆਂ ਦੀ ਮੰਗ
ਰੇਲਵੇ ਲਾਈਨਾਂ ਪਾਰ ਕਰਨ ਤੋਂ ਪ੍ਰੇਸ਼ਾਨ ਤੇ ਰੇਲ ਹਾਦਸਿਆਂ ਤੋਂ ਬਚਾਅ ਕਰਨ ਲਈ ਸ਼ਹਿਰ ਵਾਸੀਆਂ ਜਥੇ. ਸਤਪਾਲ ਸਿੰਘ ਤਲਵੰਡੀ ਮੈਂਬਰ ਐੱਸ. ਜੀ. ਪੀ. ਸੀ., ਰਿਟਾਇਰ ਬੀ. ਈ. ਓ. ਬੂਟਾ ਰਾਮ ਅਰੋੜਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ, ਬਲਾਕ ਕਾਂਗਰਸ ਦੇ ਪ੍ਰਧਾਨ ਰੂਪ ਲਾਲ ਵੱਤਾ, ਸਾਬਕਾ ਪ੍ਰਧਾਨ ਸੰਤੋਸ਼ ਕੁਮਾਰ ਮੰਗਲਾ ਸਮੇਤ ਹੋਰ ਵੀ ਸ਼ਹਿਰ ਵਾਸੀਆਂ ਨੇ ਰੇਲਵੇ ਮਹਿਕਮੇ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਤਲਵੰਡੀ ਭਾਈ ਦੇ ਰੇਲਵੇ ਸਟੇਸ਼ਨ 'ਤੇ ਆਉਣ-ਜਾਣ ਲਈ ਤੁਰੰਤ ਫੁੱਟ ਓਵਰਬ੍ਰਿਜ ਦਾ ਨਿਰਮਾਣ ਕੀਤਾ ਜਾਵੇ ਤੇ ਦੂਜੇ ਪਾਸੇ ਦਿਨ ਵਿਚ 20 ਤੋਂ 25 ਵਾਰ ਰੋਜ਼ਾਨਾ ਬੰਦ ਹੋਣ ਵਾਲੇ ਰੇਲਵੇ ਫਾਟਕ ਤੋਂ ਡਾਢੇ ਪ੍ਰੇਸ਼ਾਨ ਰਾਹਗੀਰਾਂ ਦੀ ਸਮੱਸਿਆ ਹੱਲ ਕਰਨ ਲਈ ਰੇਲਵੇ ਫਾਟਕ ਦੇ ਨਜ਼ਦੀਕ ਹੀ ਇਕ ਅੰਡਰਬ੍ਰਿਜ ਦਾ ਤੁਰੰਤ ਨਿਰਮਾਣ ਕਰਵਾ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਭਾਰੀ ਸਮੱਸਿਆ ਸਦਾ ਲਈ ਹੱਲ ਕੀਤੀ ਜਾਵੇ।
