ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 65 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
Monday, Dec 14, 2020 - 10:06 PM (IST)
ਲੁਧਿਆਣਾ,(ਸਹਿਗਲ)-ਮਹਾਨਗਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 24000 ਤੋਂ ਪਾਰ ਹੋ ਗਈ ਹੈ। ਇਨ੍ਹਾਂ ਵਿਚ 936 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਦੇ ਹਸਪਤਾਲਾਂ ਵਿਚ ਅੱਜ 65 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਸ ਤੋਂ ਇਲਾਵਾ 75 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ, ਜਦਕਿ 174 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਮੌਜੂਦਾ ਵਿਚ 2562 ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ। ਸਿਹਤ ਅਧਿਕਾਰੀਆਂ ਮੁਤਾਬਕ ਅੱਜ 77 ਮਰੀਜ਼ਾਂ ਨੂੰ ਹਸਪਤਾਲਾਂ ਆਦਿ ਤੋਂ ਡਿਸਚਾਰਜ ਕੀਤਾ ਗਿਆ ਹੈ। ਜ਼ਿਲ੍ਹੇ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਜਾਂ ਰਾਜਾਂ ਤੋਂ ਕੋਰੋਨਾ ਸੰਕ੍ਰਮਣ ਦਾ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਵਿਚੋਂ 3494 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 412 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਮੌਜੂਦਾ ਗਿਣਤੀ 24007 ਹੋ ਗਈ ਹੈ। ਇਨ੍ਹਾਂ ਵਿਚੋਂ 22365 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 706 ਐਕਟਿਵ ਮਰੀਜ਼ ਰਹਿ ਗਏ ਹਨ।
ਸਰਕਾਰੀ ਹਸਪਤਾਲਾਂ ਵਿਚ 20 ਤੇ ਨਿਜੀ ਹਸਪਤਾਲਾਂ ਵਿਚ 190 ਮਰੀਜ਼
ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ 20 ਮਰੀਜ਼ ਰਹਿ ਗਏ ਹਨ, ਜਦਕਿ ਨਿਜੀ ਹਸਪਤਾਲਾਂ 'ਚ ਇਨ੍ਹਾਂ ਦੀ ਗਿਣਤੀ 190 ਦੱਸੀ ਜਾ ਰਹੀ ਹੈ। 10 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਲਗਾਇਆ ਗਿਆ ਹੈ। ਇਨ੍ਹਾਂ ਵਿਚੋਂ 6 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 4 ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਨਾਲ ਸਬੰਧਿਤ ਹਨ। ਜ਼ਿਲ੍ਹੇ ਦੇ ਹਸਪਤਾਲਾਂ ਵਿਚ ਅੱਜ ਕੋਰੋਨਾ ਵਾਇਰਸ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਵਿਚ ਇਕ ਮਰੀਜ਼ ਬਠਿੰਡਾ, ਜਦਕਿ ਦੂਜਾ ਜੰਮੂ ਅਤੇ ਕਸ਼ਮੀਰ ਰਾਜ ਦਾ ਰਹਿਣ ਵਾਲਾ ਸੀ।
ਸੈਂਪਲਾਂ ਦੀ ਗਿਣਤੀ ਘਟੀ, 1523 ਮਰੀਜ਼ਾਂ ਦੇ ਸੈਂਪਲ ਲਏ
ਚਾਹੇ ਪੰਜਾਬ ਸਰਕਾਰ ਨੇ ਰਾਜ ਵਿਚ 30 ਹਜ਼ਾਰ ਸੈਂਪਲ ਲੈਣ ਦੀ ਗੱਲ ਕਹੀ ਹੋਵੇ ਪਰ ਸਥਾਨਕ ਅਧਿਕਾਰੀ ਆਏ ਦਿਨ ਸੈਂਪਲਾਂ ਦੀ ਗਿਣਤੀ ਘੱਟ ਕਰ ਦਿੰਦੇ ਹਨ। ਅੱਜ ਵੀ 1523 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 1184 ਸੈਂਪਲ ਜ਼ਿਲਾ ਸਿਹਤ ਵਿਭਾਗ ਵੱਲੋਂ ਇਕੱਠੇ ਕੀਤੇ ਗਏ, ਜਦੋਂਕਿ 339 ਸੈਂਪਲ ਨਿਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਲਏ ਗਏ। ਇਸ ਦੇ ਬਾਵਜੂਦ ਸੈਂਪਲਾਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆ ਰਹੀ।
ਮਰੀਜ਼ਾਂ ਦੀ ਗਿਣਤੀ ਘੱਟ ਹੋਈ ਪਰ ਸਾਵਧਾਨੀ ਜ਼ਰੂਰੀ
ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਚਾਹੇ ਹੀ ਮਰੀਜ਼ਾਂ ਦੀ ਗਿਣਤੀ ਪਹਿਲਾਂ ਤੋਂ ਘੱਟ ਹੋਈ ਹੈ ਪਰ ਸਾਨੂੰ ਲਗਾਤਾਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅਤੇ ਜਾਗਰੂਕ ਵੀ। ਇਸ ਦੇ ਲਈ ਕੋਰੋਨਾ ਤੋਂ ਬਚਾਅ ਲਈ ਘਰੋਂ ਬਾਹਰ ਨਿਕਲਣ 'ਤੇ ਮਾਸਕ ਪਹਿਨਣਾ, 6 ਫੁੱਟ ਦੀ ਦੂਰੀ ਰੱਖਣਾ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਹੱਥ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਦੇ ਰਹਿਣਾ ਅਤਿ ਜ਼ਰੂਰੀ ਹੈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਰਿਪੋਰਟ ਵਿਚ 65 ਮਰੀਜ਼ਾਂ ਨੂੰ ਦਰਸਾਇਆ ਗਿਆ ਹੈ, ਜਦਕਿ ਬਾਕੀ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਅਤੇ ਹੋਮ ਕੁਆਰੰਟਾਈਨ ਵਿਚ ਕੀਤਾ ਗਿਆ ਹੈ। ਅਜਿਹੇ ਵਿਚ ਇਹ ਗਿਣਤੀ ਘੱਟ ਨਹੀਂ ਸਮਝੀ ਜਾ ਸਕਦੀ। ਜੇਕਰ ਸਥਿਤੀ ਗੰਭੀਰ ਹੋਈ ਤਾਂ ਪਹਿਲਾਂ ਤੋਂ ਬਦਤਰ ਹਾਲਾਤ ਸਾਹਮਣੇ ਆ ਸਕਦੇ ਹਨ।