ਦਿੱਲੀ ''ਚ ਹਾਰ ਤੋਂ ਨਿਰਾਸ਼ ਭਾਜਪਾ ਪਰ ਵੋਟ ਫੀਸਦੀ ਵਧਣ ਨਾਲ ਖੁਸ਼

02/13/2020 9:21:51 AM

ਲੁਧਿਆਣਾ (ਸ਼ਾਰਦਾ) : ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਈਆਂ ਚੋਣਾਂ ਵਿਚ ਮਿਲੀ ਹਾਰ ਤੋਂ ਭਾਜਪਾ ਲੀਡਰਸ਼ਿਪ ਦਾ ਨਿਰਾਸ਼ ਹੋਣਾ ਵਾਜਿਬ ਹੈ ਪਰ ਵੋਟ ਫੀਸਦੀ ਦਾ ਛੇ ਫੀਸਦੀ ਵਧਣਾ ਪਾਰਟੀ ਨੂੰ ਨਿਰਾਸ਼ਾ ਤੋਂ ਆਸ ਵੱਲ ਲਿਜਾਣ ਦਾ ਕਾਰਣ ਬਣਦਾ ਨਜ਼ਰ ਆ ਰਿਹਾ ਹੈ। ਅਜਿਹੇ ਵਿਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਭਾਜਪਾ ਨੇ ਇਨ੍ਹਾਂ ਚੋਣਾਂ 'ਚ ਜੋ ਵੰਡਣ ਦੀ ਰਾਜਨੀਤੀ ਅਪਣਾਈ ਸੀ, ਉਸ ਦਾ ਪਾਰਟੀ ਨੂੰ ਫਾਇਦਾ ਮਿਲਿਆ ਹੈ। ਦਿੱਲੀ ਵਿਚ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਘੇਰਨ ਲਈ ਭਾਜਪਾ ਨੇ ਆਪਣੀ ਸਾਰੀ ਤਾਕਤ ਝੋਂਕ ਦਿੱਤੀ ਸੀ। ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਲੈ ਕੇ ਕੇਂਦਰ ਸਰਕਾਰ ਵਿਚ ਮੰਤਰੀਆਂ ਅਤੇ ਵੱਡੇ ਨੇਤਾਵਾਂ ਦੀ ਪੂਰੀ ਫੌਜ ਚੋਣ ਪ੍ਰਚਾਰ ਲਈ ਕਈ ਦਿਨਾਂ ਤੋਂ ਦਿੱਲੀ 'ਚ ਹੀ ਡੇਰੇ ਲਾਈ ਬੈਠੀ ਰਹੀ। ਚੋਣ ਪ੍ਰਚਾਰ ਦੌਰਾਨ ਪਾਰਟੀ ਨੇ ਹਿੰਦੂਤਵ ਦਾ ਵੀ ਪੱਤਾ ਖੇਡਣ ਦਾ ਪੂਰਾ ਯਤਨ ਕੀਤਾ ਪਰ ਕੇਜਰੀਵਾਲ ਦੀ ਵਿਕਾਸ ਦੀ ਰਾਜਨੀਤੀ ਵੰਡਣ ਦੀ ਸਿਆਸਤ 'ਤੇ ਭਾਰੀ ਪਈ ਅਤੇ ਦਿੱਲੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਵੋਟਾਂ ਪਾ ਕੇ ਦੇਸ਼ ਦੀ ਬਦਲਦੀ ਸਿਆਸਤ 'ਤੇ ਮੋਹਰ ਲਾ ਕੇ ਸਪੱਸ਼ਟ ਸੁਨੇਹਾ ਦੇ ਦਿੱਤਾ ਕਿ ਵੋਟਾਂ ਧਰਮ ਅਤੇ ਜਾਤ-ਪਾਤ ਦੇ ਆਧਾਰ 'ਤੇ ਨਹੀਂ, ਵਿਕਾਸ ਦੇ ਜ਼ੋਰ 'ਤੇ ਹੀ ਲਈਆਂ ਜਾ ਸਕਦੀਆਂ ਹਨ।

ਇਨ੍ਹਾਂ ਚੋਣਾਂ ਵਿਚ ਸਭ ਤੋਂ ਬੁਰੀ ਹਾਲਤ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੀ ਹੋਈ ਹੈ, ਜੋ ਲਗਾਤਾਰ 15 ਸਾਲ ਰਾਜਧਾਨੀ 'ਚ ਸੱਤਾ ਦਾ ਸੁੱਖ ਭੋਗਣ ਦਾ ਰਿਕਾਰਡ ਬਣਾ ਚੁੱਕੀ ਸੀ। ਬਾਵਜੂਦ ਇਸ ਦੇ ਪਾਰਟੀ ਦੀ ਨਾ ਸਿਰਫ ਸ਼ਰਮਨਾਕ ਹਾਰ ਹੋਈ, ਸਗੋਂ ਦਰਜਨਾਂ ਉਮੀਦਵਾਰ ਆਪਣੀ ਜ਼ਮਾਨਤ ਤੱਕ ਵੀ ਨਹੀਂ ਬਚਾ ਸਕੇ। ਖੁਦ ਦੀ ਸ਼ਰਮਨਾਕ ਹਾਰ ਦਾ ਕਾਂਗਰਸ ਨੂੰ ਇੰਨਾ ਦੁੱਖ ਨਹੀਂ ਹੈ, ਜਿੰਨੀ ਖੁਸ਼ੀ ਭਾਜਪਾ ਦੀ ਹਾਰ ਦੀ ਹੋਈ ਹੈ, ਜਿਸ ਤੇਜ਼ੀ ਨਾਲ ਕਾਂਗਰਸ ਆਪਣਾ ਵਜੂਦ ਦੇਸ਼ ਵਿਚ ਗੁਆ ਰਹੀ ਹੈ, ਉਹ ਗਹਿਰੀ ਚਿੰਤਾ ਅਤੇ ਮੰਥਨ ਦਾ ਵਿਸ਼ਾ ਹੈ। ਜਿਸ ਬਹੁਮਤ ਨਾਲ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਚੋਣ ਜਿੱਤੀ ਹੈ, ਉਸ ਤੋਂ ਕਾਂਗਰਸ, ਭਾਜਪਾ ਅਤੇ ਖਾਸ ਕਰ ਅਕਾਲੀ ਦਲ, ਜੋ ਪਹਿਲਾਂ ਹੀ ਅੰਦਰੂਨੀ ਫੁੱਟ ਦਾ ਸ਼ਿਕਾਰ ਹੋ ਕੇ ਤੀਲਿਆਂ ਵਾਂਗ ਖਿੱਲਰ ਰਿਹਾ ਹੈ, ਲਈ ਖਤਰੇ ਦੀ ਘੰਟੀ ਹੈ। ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਇਨ੍ਹਾਂ ਪਾਰਟੀਆਂ ਲਈ ਸਭ ਤੋਂ ਵੱਡੀ ਚੁਣੌਤੀ ਬਣ ਸਕਦੀ ਹੈ।

ਦਿੱਲੀ ਫਤਿਹ ਕਰਨ ਲਈ ਭਾਜਪਾ ਨੇ ਵੰਡਣ ਦੀ ਸਿਆਸਤ ਖੇਡੀ ਜਾਂ ਨਹੀਂ, ਇਹ ਤਾਂ ਮੰਥਨ ਅਤੇ ਬਹਿਸ ਦਾ ਵਿਸ਼ਾ ਹੈ ਪਰ ਇਸ ਨੀਤੀ ਨੇ ਉਨ੍ਹਾਂ ਦੇ ਵੋਟ ਬੈਂਕ 'ਚ ਇਜ਼ਾਫਾ ਜ਼ਰੂਰ ਕੀਤਾ ਹੈ, ਜੋ ਪਾਰਟੀ ਲਈ ਤਾਂ ਖੁਸ਼ਖਬਰੀ ਦਾ ਵਿਸ਼ਾ ਹੋ ਸਕਦਾ ਹੈ ਪਰ ਲੋਕਤੰਤਰ ਲਈ ਸ਼ੁੱਭ ਨਹੀਂ ਮੰਨਿਆ ਜਾ ਸਕਦਾ। ਆਰਥਿਕ ਤੌਰ 'ਤੇ ਅੰਦਰੂਨੀ ਸੰਕਟ ਨਾਲ ਜੂਝ ਰਹੇ ਦੇਸ਼ ਲਈ ਧਰਮ ਅਤੇ ਜਾਤ ਪਾਤ ਦੇ ਨਾਂ 'ਤੇ ਕੀਤੀ ਜਾ ਰਹੀ ਸਿਆਸਤ ਗੰਭੀਰ ਵਿਸ਼ਾ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਯਕੀਨਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਅਜਿਹੀ ਸਿਆਸਤ ਖਤਰਨਾਕ ਸਾਬਤ ਹੋ ਸਕਦੀ ਹੈ।

ਦਿੱਲੀ ਦੀ ਹਾਰ ਭਾਜਪਾ ਦੇ 'ਇਕੱਲਾ ਚਲੋ' ਦੀ ਸੋਚ 'ਚ ਬਦਲਾਅ ਲਿਆਵੇਗੀ
ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਦਰਜਨਾਂ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਵਾਲੇ ਐੱਨ. ਡੀ. ਏ. ਨੇ ਦੇਸ਼ ਵਿਚ ਗਠਜੋੜ ਦੀ ਸਰਕਾਰ ਨੂੰ ਸਫਲਤਾ ਨਾਲ ਚਲਾਉਣ ਦਾ ਕੰਮ ਕਰਦਿਆਂ ਇਕ ਨਵਾਂ ਰਸਤਾ ਤਿਆਰ ਕੀਤਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਰਿਕਾਰਡਤੋੜ ਲੋਕ ਸਭਾ ਸੀਟਾਂ ਹਾਸਲ ਕਰਨ ਵਾਲੀ ਭਾਜਪਾ ਨੇ ਆਪਣੇ ਜ਼ੋਰ 'ਤੇ ਬਹੁਮਤ ਹਾਸਲ ਕਰਨ ਤੋਂ ਬਾਅਦ 'ਇਕੱਲਾ ਚਲੋ' ਦੀ ਨੀਤੀ ਨੂੰ ਅਪਣਾਉਂਦੇ ਇਕ-ਇਕ ਕਰ ਕੇ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਛੱਡਣ ਦਾ ਜੋ ਕੰਮ ਕੀਤਾ, ਉਸੇ ਦਾ ਹੀ ਨਤੀਜਾ ਹੈ ਕਿ ਕੇਂਦਰ ਵਿਚ ਮਜ਼ਬੂਤ ਭਾਜਪਾ ਸਰਕਾਰ ਹੌਲੀ-ਹੌਲੀ ਦੇਸ਼ ਦੇ ਕਈ ਸੂਬਿਆਂ ਵਿਚ ਆਪਣੀ ਸਰਕਾਰ ਗੁਆਉਂਦੀ ਚਲੀ ਗਈ। ਬਾਵਜੂਦ ਇਸ ਦੇ ਭਾਜਪਾ ਪਿਛਲੀਆਂ ਗਲਤੀਆਂ ਤੋਂ ਸਬਕ ਲੈਣ ਲਈ ਤਿਆਰ ਨਜ਼ਰ ਨਹੀਂ ਆਉਂਦੀ। ਪੰਜਾਬ ਦੀ ਗੱਲ ਕਰੀਏ ਤਾਂ ਅਕਾਲੀ ਦਲ ਨਾਲ ਭਾਜਪਾ ਦਾ ਗਠਜੋੜ ਦਹਾਕਿਆਂ ਪੁਰਾਣਾ ਹੈ। ਦੋਵਾਂ ਨੇ ਇਕੱਠੇ ਚੋਣਾਂ ਲੜੀਆਂ। ਕਈ ਵਾਰ ਸੱਤਾ ਦਾ ਸੁੱਖ ਭੋਗਿਆ ਪਰ ਉਸ ਦਾ ਸਹਿਯੋਗੀ ਅਕਾਲੀ ਦਲ ਪ੍ਰਤੀ ਵਿਵਹਾਰ ਵੀ ਮਤਰੇਆ ਹੁੰਦਾ ਚਲਾ ਗਿਆ। ਪੰਜਾਬ 'ਚ ਇਨ੍ਹੀਂ ਦਿਨੀਂ ਇਸ ਗੱਲ ਦੀ ਚਰਚਾ ਸਿਖਰਾਂ 'ਤੇ ਹੈ ਕਿ ਭਾਜਪਾ ਪੰਜਾਬ ਵਿਚ ਵੀ ਇਕੱਲੇ ਚੋਣ ਲੜਨ ਦੀ ਹੁਣ ਤੋਂ ਜ਼ਮੀਨ ਤਿਆਰ ਕਰਨ ਵਿਚ ਜੁਟ ਗਈ ਹੈ ਪਰ ਦਿੱਲੀ ਵਿਚ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਅਤੇ ਐਨ ਸਮੇਂ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਨਾਂ ਕਿਸੇ ਸ਼ਰਤ ਦੇ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕਰ ਕੇ ਸਹੀ ਸਿਆਸੀ ਪੱਤਾ ਸੁੱਟਿਆ ਹੈ। ਦਿੱਲੀ ਦੀ ਹਾਰ ਅਤੇ ਅਕਾਲੀ ਦਲ ਦੀ ਹਮਾਇਤ ਪਾਰਟੀ ਲੀਡਰਸ਼ਿਪ ਨੂੰ 'ਇਕੱਲੇ ਚਲੋ' ਦੀ ਸੋਚ 'ਤੇ ਲਗਾਮ ਲਾਉਣ ਦਾ ਕੰਮ ਕਰੇਗੀ।

ਭਾਜਪਾ ਨੂੰ ਉਸ ਦਾ ਹੰਕਾਰ ਲੈ ਡੁੱਬਿਆ
ਪੁਰਾਣੇ ਦੋਸਤਾਂ ਨੂੰ ਛੱਡਣਾ ਅਤੇ ਖੁਦ ਨੂੰ ਸਦਾ ਜੇਤੂ ਦੇ ਤੌਰ 'ਤੇ ਦੇਖਣ ਵਾਲੀ ਭਾਜਪਾ ਨੂੰ ਕਿਸੇ ਹੋਰ ਨੇ ਨਹੀਂ, ਉਸ ਦੇ ਆਪਣੇ ਹੰਕਾਰ ਨੇ ਹੀ ਡੁਬੋ ਕੇ ਰੱਖ ਦਿੱਤਾ। ਨੈਸ਼ਨਲ ਕਾਨਫਰੰਸ, ਪੀ. ਡੀ. ਪੀ., ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ ਵਰਗੇ ਪੁਰਾਣੇ ਦੋਸਤਾਂ ਨੂੰ ਨਜ਼ਰ-ਅੰਦਾਜ਼ ਕਰਨਾ ਭਾਜਪਾ ਨੂੰ ਮਹਿੰਗਾ ਪਿਆ ਅਤੇ ਨਤੀਜੇ ਸਾਹਮਣੇ ਹਨ। ਅਜਿਹੇ ਵਿਚ ਜੇਕਰ ਭਾਜਪਾ ਫਿਰ ਵੀ ਗਲਤੀਆਂ ਤੋਂ ਸਬਕ ਸਿੱਖਣ ਲਈ ਤਿਆਰ ਨਹੀਂ ਹੁੰਦੀ ਤਾਂ ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣਾ ਪਵੇਗਾ।


cherry

Content Editor

Related News