ਪ੍ਰੀਖਿਆਰਥੀਆਂ ਦੇ ਉਡੇ ਹੋਸ਼, ਗਣਿਤ ਦੇ ਪ੍ਰਸ਼ਨ ਪੱਤਰ ''ਚੋਂ 4 ਨੰਬਰ ਦਾ ਪ੍ਰਸ਼ਨ ਗਾਇਬ

03/23/2019 11:13:30 AM

ਲੁਧਿਆਣਾ(ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਕਰਵਾਈ ਗਈ 10ਵੀਂ ਗਣਿਤ ਪ੍ਰੀਖਿਆ ਦੇ ਇੰਗਲਿਸ਼ ਮੀਡੀਅਮ ਦੇ ਪ੍ਰਸ਼ਨ ਪੱਤਰ ਸੀ-ਸੈੱਟ ਪੇਪਰ ਦੇ ਰਹੇ ਪ੍ਰੀਖਿਆਰਥੀਆਂ ਦੇ ਹੋਸ਼ ਉਸ ਸਮੇਂ ਉਡ ਗਏ ਜਦੋਂ ਪ੍ਰਸ਼ਨ ਪੱਤਰ ਦੀ ਛਪਾਈ ਵਿਚ ਤਰੁੱਟੀ ਸਾਹਮਣੇ ਆਈ। ਪ੍ਰੀਖਿਆ ਕੇਂਦਰਾਂ ਵਿਚ ਪੇਪਰ ਦੇਣ ਪੁੱਜੇ ਪ੍ਰੀਖਿਆਰਥੀਆਂ ਨੇ ਉਕਤ ਤਰੁੱਟੀ ਬਾਰੇ ਕੇਂਦਰ ਵਿਚ ਮੌਜੂਦ ਸਟਾਫ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਬੋਰਡ ਦੀ ਇਸ ਗਲਤੀ ਬਾਰੇ ਪੱਤਰ ਲਿਖ ਕੇ ਦੱਸਿਆ ਹੈ ਕਿ ਇੰਗਲਿਸ਼ ਮੀਡੀਅਮ ਦੇ ਪ੍ਰਸ਼ਨ ਪੱਤਰ ਦੇ ਸੀ-ਸੈੱਟ ਵਿਚ 22 ਨੰਬਰ ਦੇ ਪ੍ਰਸ਼ਨ ਦੀ ਛਪਾਈ ਵਿਚ ਗੰਭੀਰ ਤਰੁੱਟੀ ਸੀ।

ਸਕੂਲ ਪ੍ਰਿੰਸੀਪਲਾਂ ਮੁਤਾਬਕ ਗਣਿਤ ਪੇਪਰ ਦੇ ਸੀ-ਸੈੱਟ ਦੇ ਅੰਗਰੇਜ਼ੀ ਮੀਡੀਅਮ ਵਿਚ ਪ੍ਰਸ਼ਨ ਨੰਬਰ 21 ਤੋਂ ਬਾਅਦ ਸਿੱਧਾ ਪ੍ਰਸ਼ਨ ਨੰਬਰ 23 ਛਪਿਆ ਹੋਇਆ ਸੀ, ਜਦਕਿ ਇਸ ਵਿਚ 4 ਅੰਕਾਂ ਵਾਲਾ 22 ਨੰਬਰ ਦਾ ਪ੍ਰਸ਼ਨ ਹੀ ਗਾਇਬ ਸੀ, ਜਿਸ ਕਾਰਨ ਅੰਗਰੇਜ਼ੀ ਮੀਡੀਅਮ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਦਾ ਭਾਰੀ ਨੁਕਸਾਨ ਹੋਇਆ, ਕਿਉਂਕਿ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਇਕ-ਇਕ ਅੰਕ ਕੀਮਤੀ ਹੈ।

ਦਸਮਪਿਤਾ ਸਕੂਲ ਦੇ ਪ੍ਰਿੰਸੀਪਲ ਰਣਜੀਤ ਸਿੰਘ ਸੈਣੀ, ਗੁਰੂ ਗੋਬਿੰਦ ਸਿੰਘ ਸਕੂਲ ਦੇ ਪ੍ਰਿੰਸੀਪਲ ਹਰਨੇਕ ਸਿੰਘ, ਐਵਰੈਸਟ ਗਰੁੱਪ ਆਫ ਸਕੂਲਜ਼ ਦੇ ਡਾਇਰੈਕਟਰ ਰਾਜਿੰਦਰ ਸ਼ਰਮਾ ਨੇ ਬੋਰਡ ਤੋਂ ਮੰਗ ਕੀਤੀ ਕਿ ਬੋਰਡ ਆਪਣੀ ਗਲਤੀ ਨੂੰ ਮੰਨਦੇ ਹੋਏ ਵਿਦਿਆਰਥੀਆਂ ਦੇ ਪੱਖ ਵਿਚ ਕਾਰਵਾਈ ਕਰੇ ਅਤੇ ਬੱਚਿਆਂ ਨੂੰ ਇਸ ਪ੍ਰਸ਼ਨ ਦੇ 4 ਅੰਕ ਗ੍ਰੇਸ ਮਾਰਕਸ ਦੇ ਰੂਪ ਵਿਚ ਦਿੱਤੇ ਜਾਣ। ਇਸ ਸਬੰਧੀ ਪ੍ਰੀਖਿਆ ਕੰਟਰੋਲਰ, ਪੀ.ਐਸ.ਈ.ਬੀ. ਸੁਖਵਿੰਦਰ ਕੌਰ ਸਰੋਇਆ ਨੇ ਕਿਹਾ ਕਿ ਮੇਰੇ ਧਿਆਨ ਵਿਚ ਵੀ ਇਹ ਮਾਮਲਾ ਆਇਆ ਹੈ। ਸ਼ਨੀਵਾਰ ਨੂੰ ਵਿਸ਼ਾ ਐਕਸਪਰਟਸ ਦੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਹੀ ਪ੍ਰੀਖਿਆਰਥੀਆਂ ਨੂੰ ਗ੍ਰੇਸ ਅੰਕ ਦੇਣ ਸਬੰਧੀ ਕੋਈ ਫੈਸਲਾ ਲਿਆ ਜਾਏਗਾ।


cherry

Content Editor

Related News