ਲੁਧਿਆਣਾ ਗੈਂਗਰੇਪ ਪੀੜਤਾ ਦੀ ਹਾਲਤ ਨਾਜ਼ੁਕ, ਚੜ੍ਹ ਰਿਹੈ ਖੂਨ
Saturday, Feb 16, 2019 - 03:02 PM (IST)
ਫਿਲੌਰ (ਭਾਖੜੀ) : ਗੈਂਗਰੇਪ ਦੀ ਸ਼ਿਕਾਰ ਨਾਬਾਲਗ ਲੜਕੀ ਦੀ ਹਾਲਤ ਹੁਣ ਵੀ ਨਾਜ਼ੁਕ ਹੈ, ਜਿਸ ਨੂੰ ਡਾਕਟਰਾਂ ਨੇ ਖੂਨ ਚੜ੍ਹਾਉਣਾ ਸ਼ੁਰੂ ਕੀਤਾ ਹੈ। ਚਾਰ ਦਿਨ ਬੀਤ ਜਾਣ 'ਤੇ ਵੀ ਪੁਲਸ ਦੇ ਹੱਥ ਮੁੱਖ ਮੁਲਜ਼ਮ ਬੰਟੀ ਨਹੀਂ ਲੱਗਾ। ਨਾਬਾਲਗ ਲੜਕੀ ਦੀ ਬਚਾਅ ਕਰਦੇ ਹੋਏ ਲੱਤ ਟੁੱਟੀ ਸੀ। ਪੀੜਤਾ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੋ ਦਿਨ ਪਹਿਲਾਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਸੀ, ਉਥੇ ਲੜਕੀ ਦੀ ਹਾਲਤ 'ਚ ਕੋਈ ਖਾਸ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਡਾਕਟਰਾਂ ਦੇ ਮੁਤਾਬਕ ਇਕ ਤਾਂ ਲੜਕੀ ਘਟਨਾ ਕਾਰਨ ਸਦਮੇ 'ਚ ਹੈ ਤੇ ਦੂਜਾ ਉਸ ਦੇ ਸਰੀਰ 'ਚੋਂ ਲਗਾਤਾਰ ਖੂਨ ਵਹਿਣ ਕਾਰਨ ਖੂਨ ਦੀ ਕਾਫੀ ਕਮੀ ਆ ਗਈ ਹੈ। ਉਪਰੋਂ ਲੜਕੀ ਕੁਝ ਖਾ-ਪੀ ਵੀ ਨਹੀਂ ਰਹੀ। ਡਾਕਟਰਾਂ ਨੇ ਖੂਨ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਡਾਕਟਰ ਦੇ ਇਕ ਸਹਾਇਕ ਨੇ ਦੱਸਿਆ ਕਿ ਪੀੜਤਾ ਦੀ ਲੱਤ ਦੀ ਹੱਡੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ, ਜਿਸ ਨੂੰ ਜੋੜਨ ਲਈ ਆਪ੍ਰੇਸ਼ਨ ਕਰ ਕੇ ਲੱਤ 'ਚ ਪਲੇਟਾਂ ਪਾਈਆਂ ਜਾਣਗੀਆਂ। ਆਪ੍ਰੇਸ਼ਨ ਤਦ ਸੰਭਵ ਹੋਵੇਗਾ, ਜਦ ਉਸ ਦੇ ਸਰੀਰ 'ਚ ਖੂਨ ਪੂਰਾ ਹੋਵੇਗਾ।
ਮੁੱਖ ਮੁਲਜ਼ਮ ਰਹਿੰਦਾ ਸੀ ਸ਼ਮਸ਼ਾਨਘਾਟ 'ਚ
ਆਪਣੇ ਦੋ ਸਾਥੀਆਂ ਨਾਲ ਮਿਲ ਕੇ 15 ਸਾਲਾ ਲੜਕੀ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਮੁੱਖ ਮੁਲਜ਼ਮ, ਜਿਸ ਤੋਂ ਬਚਣ ਲਈ ਸੰਘਰਸ਼ ਕਰਦੇ ਸਮੇਂ ਲੜਕੀ ਦੀ ਲੱਤ ਦੀ ਹੱਡੀ ਟੁੱਟ ਗਈ ਸੀ, ਘਟਨਾ ਦੇ ਚਾਰ ਦਿਨ ਬੀਤ ਜਾਣ 'ਤੇ ਵੀ ਪੁਲਸ ਦੇ ਹੱਥ ਨਹੀਂ ਲੱਗਾ ਅਤੇ ਨਾ ਹੀ ਉਸ ਦਾ ਕੋਈ ਸੁਰਾਗ ਹੈ। ਇਥੋਂ ਤੱਕ ਕਿ ਪੁਲਸ ਨੂੰ ਉਸ ਦੀ ਪਛਾਣ ਲਈ ਕੋਈ ਤਸਵੀਰ ਨਹੀਂ ਮਿਲ ਰਹੀ ਅਤੇ ਨਾ ਹੀ ਪੁਲਸ ਨੇ ਉਸ ਦੇ ਫੜੇ ਗਏ ਦੋ ਸਾਥੀਆਂ ਤੋਂ ਪੁੱਛਗਿੱਛ ਕਰ ਕੇ ਉਸ ਦਾ ਸਕੈੱਚ ਬਣਵਾਉਣਾ ਜ਼ਰੂਰੀ ਸਮਝਿਆ।
ਪੱਤਰਕਾਰਾਂ ਨੇ ਮੁਲਜ਼ਮ ਦੀ ਪਛਾਣ ਸਾਹਮਣੇ ਲਿਆਉਣ ਦੇ ਸਬੰਧ 'ਚ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਬੰਟੀ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਤੇ ਉਹ ਸ਼ਮਸ਼ਾਨਘਾਟ 'ਚ ਰਹਿ ਰਿਹਾ ਸੀ। ਉਹ ਲੋਕਾਂ ਦੇ ਘਰਾਂ 'ਚ ਸਾਫ-ਸਫਾਈ ਦਾ ਕੰਮ ਕਰ ਕੇ ਗੁਜ਼ਾਰਾ ਕਰ ਰਿਹਾ ਸੀ ਅਤੇ ਰੋਜ਼ਾਨਾ ਭੰਗ ਦੇ ਨਸ਼ੇ ਦਾ ਸੇਵਨ ਕਰਦਾ ਸੀ। ਲੋਕਾਂ ਨੇ ਗੜ੍ਹਾ ਰੋਡ 'ਤੇ ਬਣੇ ਸ਼ਮਸ਼ਾਨਘਾਟ 'ਚ ਪਿਆ ਬੰਟੀ ਦਾ ਬਿਸਤਰ ਦਿਖਾਉਂਦੇ ਹੋਏ ਦੱਸਿਆ ਕਿ ਜਬਰ-ਜ਼ਨਾਹ ਦੀ ਘਟਨਾ ਨੂੰ ਅੰਜਾਮ ਦੇ ਕੇ ਬੰਟੀ ਅੱਧੀ ਰਾਤ ਨੂੰ ਇਥੇ ਆ ਕੇ ਸੌਂ ਗਿਆ ਸੀ। ਅਗਲੇ ਦਿਨ ਜਦ ਉਸ ਨੂੰ ਪਤਾ ਲੱਗਾ ਕਿ ਮਾਮਲਾ ਪੁਲਸ ਦੇ ਕੋਲ ਪੁੱਜ ਗਿਆ ਹੈ ਤਾਂ ਉਹ ਚੁੱਪਚਾਪ ਉਥੋਂ ਭੱਜ ਗਿਆ। ਉਥੇ ਖੜ੍ਹੇ ਇਕ ਲੜਕੇ ਨੇ ਦੱਸਿਆ ਕਿ ਉਸ ਦੇ ਫੋਨ 'ਚ ਬੰਟੀ ਦੀ ਤਸਵੀਰ ਹੈ, ਜਿਸ ਦੀ ਲੋਕਾਂ ਨੇ ਪੁਸ਼ਟੀ ਕਰਦੇ ਹੋਏ ਮੀਡੀਆ ਨੂੰ ਉਪਲਬਧ ਕਰਵਾ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੰਟੀ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਹੈ। ਇਸ ਲਈ ਫਿਲੌਰ ਪੁਲਸ ਲਈ ਬੰਟੀ ਨੂੰ ਫੜ੍ਹਨਾ ਇਕ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ।