1800 ਰੁਪਏ ''ਚ ਮਿਲੇਗਾ 969 ਰੁਪਏ ਵਾਲਾ ਘਰੇਲੂ LPG ਸਿਲੰਡਰ! ਬਚਣ ਲਈ ਛੇਤੀ ਕਰ ਲਓ ਇਹ ਕੰਮ
Wednesday, Aug 12, 2026 - 08:10 PM (IST)
ਲੁਧਿਆਣਾ (ਖ਼ੁਰਾਨਾ): ਸਰਕਾਰ ਵੱਲੋਂ ਵਾਰ-ਵਾਰ ਜਾਗਰੂਕ ਕਰਨ ਤੋਂ ਬਾਅਦ ਵੀ ਈ-ਕੇ.ਵਾਈ.ਸੀ. ਨਾ ਕਰਵਾਉਣ ਵਾਲੇ LPG ਉਪਭੋਗਤਾਵਾਂ ਦੀ 15 ਅਗਸਤ ਤੋਂ ਬਾਅਦ ਸ਼ਾਮਤ ਆਉਣ ਵਾਲੀ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਕੇਂਦਰੀ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਅਜਿਹੇ ਖਪਤਕਾਰਾਂ ਲਈ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ। ਈ.-ਕੇ.ਵਾਈ.ਸੀ. ਨਾ ਕਰਵਾਉਣ ਵਾਲੇ ਉਪਭੋਗਤਾਵਾਂ ਨੂੰ 969 ਰੁਪਏ ਵਾਲਾ ਘਰੇਲੂ ਗੈਸ ਸਿਲੰਡਰ 15 ਅਗਸਤ ਤੋਂ ਬਾਅਦ ਤਕਰੀਬਨ 1800 ਰੁਪਏ ਵਿਚ ਮਿਲੇਗਾ। ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਹੁਣ ਉਪਭੋਗਤਾਵਾਂ ਨੂੰ ਕਮਰਸ਼ੀਅਲ ਗੈਸ ਦੀਆਂ ਕੀਮਤਾਂ 'ਤੇ ਹੀ ਘਰੇਲੂ ਗੈਸ ਸਿਲੰਡਰ ਖਰੀਦਣਾ ਪਵੇਗਾ, ਜਾਂ ਫ਼ਿਰ ਘਰ ਵਿਚ ਰੋਟੀ-ਸਬਜ਼ੀ ਬਣਾਉਣ ਲਈ ਐੱਲ. ਪੀ. ਜੀ. ਦੀ ਜਗ੍ਹਾ ਕੋਈ ਹੋਰ ਬਦਲ ਲੱਭਣੇ ਪੈਣਗੇ।
ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ, ਲੁਧਿਆਣਾ ਐੱਲ. ਪੀ. ਜੀ. ਗੈਸ ਫੈਡਰੇਸ਼ਨ ਦੇ ਸਮੁੱਚੇ ਡੀਲਰ ਭਾਈਚਾਰੇ ਵੱਲੋਂ ਏਜੰਸੀਆਂ ਨਾਲ ਸਬੰਧਤ ਉਪਭੋਗਤਾਵਾਂ ਨੂੰ ਆਪਣੀ ਈ-ਕੇ.ਵਾਈ. ਸੀ. ਕਰਾਵਉਣ ਸਬੰਧੀ ਸਮੇਂ-ਸਮੇਂ 'ਤੇ ਜਾਗਰੂਕ ਕਰਨ ਤੇ ਘਰ-ਘਰ ਤਕ ਪ੍ਰਚਾਰ ਕਰਨ ਸਮੇਤ ਕਈ ਵਾਰ ਮੁਫ਼ਤ ਕੈਂਪ ਤਕ ਲਗਾਏ ਗਏ, ਤਾਂ ਜੋ ਸਾਰੇ ਉਪਭੋਗਤਾ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਮੇ ਰਸੋਈ ਗੈਸ ਕੁਨੈਕਸ਼ਨ ਦੀ ਈ-ਕੇ.ਵਾਈ. ਸੀ. ਕਰਵਾ ਲੈਣ ਤੇ ਬਾਅਦ ਵਿਚ ਉਪਭੋਗਤਾਵਾਂ ਨੂੰ ਗੈਸ ਸਿਲੰਡਰ ਦੀ ਡਿਲੀਵਰੀ ਲੈਣ ਵਿਚ ਕੋਈ ਦਿੱਕਤ ਨਾ ਹੋਵੇ।
ਲੁਧਿਆਣਾ ਐੱਲ. ਪੀ. ਜੀ. ਗੈਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ, ਜਨਰਲ ਸਕੱਤਰ ਅਰੁਣ ਅੱਗਰਵਾਲ, ਉਪ ਪ੍ਰਧਾਨ ਰਣਜੀਤ ਸਿੰਘ ਗਾਂਧੀ, ਕੁਲਦੀਪ ਕੁਮਾਰ ਜੰਡਾ, ਗੌਰਵ ਹਾਂਡਾ ਤੇ ਅਮਿਤ ਕੁਮਾਰ ਥੰਮਣ ਨੇ ਕਿਹਾ ਕਿ ਇੰਡੇਨ ਗੈਸ ਕੰਪਨੀ, ਹਿੰਦੁਸਤਾਨ ਗੈਸ ਕੰਪਨੀ ਤੇ ਭਾਰਤ ਗੈਸ ਕੰਪਨੀ ਨਾਲ ਸਬੰਧਤ ਹਰ ਏਜੰਸੀ ਦੇ ਡੀਲਰਾਂ ਵੱਲੋਂ ਉਪਭੋਗਤਾਵਾਂ ਨੂੰ ਈ. ਕੇ. ਵਾਈ.ਸੀ. ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਗਈ। ਇੱਥੋਂ ਤਕ ਕਿ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਦਫ਼ਤਰ ਖੋਲ੍ਹੇ ਗਏ ਸਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਉਪਭੋਗਤਾ ਆਪਣੀ ਈ.ਕੇ.ਵਾਈ.ਸੀ. ਕਰਵਾਉਣ ਲਈ ਅੱਗੇ ਨਹੀਂ ਆਏ। ਅਜਿਹੇ ਸਾਰੇ ਉਪਭੋਗਤਾਵਾਂ ਨੂੰ ਹੁਣ 15 ਅਗਸਤ ਤੋਂ ਬਾਅਦ 14.2 ਕਿੱਲੋ ਵਾਲਾ ਘਰੇਲੂ ਗੈਸ ਸਿਲੰਡਰ ਖਰੀਦਣ ਲਈ 1800 ਰੁਪਏ ਦੇਣੇ ਪੈਣਗੇ। ਉਸ ਦੇ ਨਾਲ ਹੀ ਵਾਰ-ਵਾਰ ਜਾਗਰੂਕ ਕਰਨ ਦੇ ਬਾਵਜੂਦ ਲਾਪਰਵਾਹੀ ਵਰਤਣ ਵਾਲੇ ਉਪਭੋਗਤਾਵਾਂ ਦੇ ਗੈਸ ਕੁਨੈਕਸ਼ਨ ਵੀ ਰੱਦ ਕੀਤੇ ਜਾਣਗੇ।
