ਚੀਨ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ ''ਚ EU ! ਘਰੇਲੂ ਉਦਯੋਗਾਂ ਨੂੰ ਬਚਾਉਣ ਲਈ ਸਖ਼ਤ ਰੁਖ਼ ਕਰੇਗਾ ਅਖ਼ਤਿਆਰ
Tuesday, Oct 27, 2026 - 02:04 PM (IST)
ਇੰਟਰਨੈਸ਼ਨਲ ਡੈਸਕ- ਯੂਰਪੀਅਨ ਯੂਨੀਅਨ ਚੀਨੀ ਉਤਪਾਦਾਂ ਦੀ ਵਧਦੀ ਆਮਦ ਤੋਂ ਆਪਣੇ ਘਰੇਲੂ ਉਦਯੋਗਾਂ ਨੂੰ ਬਚਾਉਣ ਲਈ ਚੀਨ 'ਤੇ ਹੋਰ ਵਪਾਰਕ ਪਾਬੰਦੀਆਂ, ਟੈਰਿਫ਼ ਅਤੇ ਕੋਟਾ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਡਬਲਿਨ 'ਚ ਯੂ.ਈ. ਦੇ ਵਪਾਰ ਮੰਤਰੀਆਂ ਦੀ ਬੈਠਕ ਤੋਂ ਬਾਅਦ ਸੰਘ ਦੇ ਵਪਾਰ ਮੁਖੀ ਮਾਰੋਸ ਸੇਫਕੋਵਿਕ ਨੇ ਸਪੱਸ਼ਟ ਕੀਤਾ ਕਿ ਲੰਬੀਆਂ ਗੱਲਬਾਤਾਂ ਦੀ ਬਜਾਏ ਹੁਣ ਤੁਰੰਤ ਐਮਰਜੈਂਸੀ 'ਸੇਫ਼ਗਾਰਡ' ਕਦਮ ਚੁੱਕੇ ਜਾਣਗੇ, ਜਿਸ 'ਚ ਸਭ ਤੋਂ ਪਹਿਲਾਂ ਪਲਾਸਟਿਕ ਸੈਕਟਰ 'ਤੇ ਕਾਰਵਾਈ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੈਮੀਕਲ, ਮਸ਼ੀਨਰੀ ਅਤੇ ਖੇਤੀਬਾੜੀ ਉਤਪਾਦਾਂ 'ਤੇ ਵੀ ਅਜਿਹੀਆਂ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਜਰਮਨੀ ਨੇ ਆਪਣੀ ਪੁਰਾਣੀ ਨਰਮ ਨੀਤੀ ਬਦਲਦੇ ਹੋਏ ਫਰਾਂਸ ਨਾਲ ਹੱਥ ਮਿਲਾ ਲਿਆ ਹੈ। ਇਸ ਫ੍ਰੈਂਚ-ਜਰਮਨ ਦਬਾਅ ਦੇ ਨਤੀਜੇ ਵਜੋਂ ਚੀਨ 1 ਦਸੰਬਰ ਤੋਂ ਆਪਣੀਆਂ ਹਾਈਬ੍ਰਿਡ ਕਾਰਾਂ ਦੇ ਯੂਰਪ 'ਚ ਨਿਰਯਾਤ ਨੂੰ 3,50,000 ਪ੍ਰਤੀ ਸਾਲ 'ਤੇ ਸੀਮਤ ਕਰਨ ਲਈ ਸਹਿਮਤ ਹੋ ਗਿਆ ਹੈ। ਫਰਾਂਸ ਦੇ ਵਪਾਰ ਮੰਤਰੀ ਨਿਕੋਲਸ ਫੋਰਿਸਿਅਰ ਨੇ ਕਿਹਾ ਕਿ ਯੂਰਪ ਨੂੰ ਚੀਨ ਅੱਗੇ ਸਖ਼ਤ ਰੁਖ਼ ਅਪਣਾਉਂਦਿਆਂ ਨਾਂਹ ਕਹਿਣਾ ਸਿੱਖਣਾ ਹੋਵੇਗਾ।
ਕ੍ਰਿਸਮਸ ਤੱਕ ਯੂਰਪੀਅਨ ਕਮਿਸ਼ਨ ਚੀਨੀ ਆਰਥਿਕ ਦਬਾਅ ਨਾਲ ਨਜਿੱਠਣ ਲਈ 3 ਵੱਡੀਆਂ ਨੀਤੀਆਂ ਲਿਆ ਰਿਹਾ ਹੈ, ਜਿਨ੍ਹਾਂ 'ਚ ਮਹੱਤਵਪੂਰਨ ਵਸਤੂਆਂ ਲਈ ਇੱਕ ਹੀ ਦੇਸ਼ 'ਤੇ ਨਿਰਭਰਤਾ ਖਤਮ ਕਰਨਾ, ਚੀਨੀ ਜਵਾਬੀ ਕਾਰਵਾਈ ਦੀ ਮਾਰ ਝੱਲਣ ਵਾਲੀਆਂ ਯੂਰਪੀ ਕੰਪਨੀਆਂ ਨੂੰ ਹਰਜਾਨਾ ਦੇਣਾ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਚੀਨੀ ਕੰਪਨੀਆਂ ਨੂੰ ਯੂਰਪੀ ਬਾਜ਼ਾਰ 'ਚੋਂ ਤੁਰੰਤ ਬਾਹਰ ਕੱਢਣ ਦੀ ਸ਼ਕਤੀ ਦੇਣਾ ਸ਼ਾਮਲ ਹਨ।
ਯੂਰਪ ਦੇ ਇਸ ਸਖ਼ਤ ਰੁਖ਼ ਮਗਰੋਂ ਚੀਨ ਦੇ ਵਣਜ ਮੰਤਰਾਲੇ ਨੇ ਇਸ ਦਬਾਅ ਦਾ ਵਿਰੋਧ ਕਰਦਿਆਂ ਕਿਹਾ ਕਿ ਯੂਰਪੀਅਨ ਯੂਨੀਅਨ ਨੂੰ ਕਿਸੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਅਤੇ ਚੀਨ ਆਪਣੇ ਆਰਥਿਕ ਹਿੱਤਾਂ ਦੀ ਰਾਖੀ ਕਰਨ ਦੀ ਪੂਰੀ ਸਮਰੱਥਾ ਰੱਖਦਾ ਹੈ।
