ਜਲੰਧਰ: ਲਵਲੀ ਆਟੋਜ਼ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਕੁੜੀ ਨੇ ਤੋੜਿਆ ਦਮ
Thursday, May 09, 2019 - 11:02 AM (IST)
ਜਲੰਧਰ (ਅਸ਼ਵਨੀ, ਸੋਨੂੰ)— ਇਥੋਂ ਦੇ ਲਵਲੀ ਆਟੋਜ਼ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਲੜਕੀ ਨੇ ਅੱਜ ਸਵੇਰੇ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਉਸ ਦੀ ਮੌਤ ਦੇ ਪੁਸ਼ਟੀ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਨੇ ਕੀਤੀ ਹੈ। ਦੱਸ ਦੇਈਏ ਕਿ ਸਿਰ 'ਚ ਗੋਲੀ ਲੱਗਣ ਦੇ ਕਾਰਨ ਉਸ ਦਾ ਬ੍ਰੇਨ ਡੈੱਡ ਹੋ ਚੁੱਕਾ ਸੀ ਅਤੇ ਉਹ ਉਦੋਂ ਤੋਂ ਕੋਮਾ 'ਚ ਸੀ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।
ਕੀ ਹੈ ਪੂਰਾ ਮਾਮਲਾ
ਸੋਮਵਾਰ ਨੂੰ ਲਵਲੀ ਆਟੋਜ਼ ਦੇ ਅੰਦਰ ਕਰਤਾਰਪੁਰ ਦੇ ਰਹਿਣ ਵਾਲੇ ਮਨਪ੍ਰੀਤ ਨਾਂ ਦੇ ਨੌਜਵਾਨ ਨੇ ਸੀਮਾ ਉਰਫ ਸਿੰਮੀ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਹ ਸਿੰਮੀ ਦੇ ਨਾਲ ਪਿਆਰ ਕਰਦਾ ਸੀ ਅਤੇ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਦਕਿ ਸਿੰਮੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਗੱਲ ਨੂੰ ਲੈ ਕੇ ਮਨਪ੍ਰੀਤ ਉਸ ਦੇ ਨਾਲ ਖਫਾ ਰਹਿੰਦਾ ਸੀ ਅਤੇ ਤੈਸ਼ 'ਚ ਆ ਕੇ ਉਸ ਨੇ ਸੋਮਵਾਰ ਲਵਲੀ ਆਟੋਜ਼ ਦੇ ਅੰਦਰ ਬਣੇ ਲਵਲੀ ਇੰਸਟੀਚਿਊਟ 'ਚ ਲੜਕੀ 'ਤੇ 4 ਫਾਇਰ ਕੀਤੇ ਸਨ। ਲੜਕੇ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਦੋ ਗੋਲੀਆਂ 'ਚੋਂ ਇਕ ਗੋਲੀ ਲੜਕੀ ਦੀ ਬਾਂਹ 'ਚ ਲੱਗੀ ਅਤੇ ਇਕ ਗੋਲੀ ਉਸ ਦੇ ਸਿਰ 'ਚ ਲੱਗੀ ਸੀ। ਗੰਭੀਰ ਰੂਪ 'ਚ ਜ਼ਖਮੀ ਹੋਣ ਤੋਂ ਬਾਅਦ ਲੜਕੀ ਨੂੰ ਮੌਕੇ 'ਤੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਦਕਿ ਇਥੋਂ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਲੜਕੀ ਨੇ ਅੱਜ ਸਵੇਰੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ।