ਜਲੰਧਰ: ਲਵਲੀ ਆਟੋਜ਼ 'ਚ ਚੱਲੀਆਂ ਗੋਲੀਆਂ, ਇਕ ਦੀ ਮੌਤ (ਤਸਵੀਰਾਂ)
Tuesday, May 07, 2019 - 01:10 AM (IST)

ਜਲੰਧਰ (ਅਸ਼ਵਨੀ,ਸੋਨੂੰ)— ਇਥੋਂ ਦੇ ਨਕੋਦਰ ਚੌਕ 'ਚ ਲਵਲੀ ਆਟੋਜ਼ 'ਚ ਚੱਲ ਰਹੇ ਲਵਲੀ ਇੰਸਟੀਚਿਊਟ 'ਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਇਕ ਲੜਕੇ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਲੜਕੀ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਲਵਲੀ ਆਟੋਜ਼ ਦੇ ਅੰਦਰ ਬਣੇ ਲਵਲੀ ਅਕੈਡਮੀ ਦੀ ਕੰਟੀਨ 'ਚ ਇਕ ਨੌਜਵਾਨ ਨੇ ਲੜਕੀ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ 'ਚ ਮੌਕੇ 'ਤੇ ਲੜਕੇ ਦੀ ਮੌਤ ਹੋ ਗਈ ਜਦਕਿ ਲੜਕੀ ਦੀ ਬਾਂਹ 'ਤੇ ਗੋਲੀ ਲੱਗਣ ਕਰਕੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਲੜਕੀ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸੁਸਾਈਡ ਨੌਟ 'ਚ ਕੀਤਾ ਲੜਕੇ ਨੇ ਮੌਤ ਦਾ ਖੁਲਾਸਾ
ਮੌਕੇ 'ਤੇ ਪੁਲਸ ਨੂੰ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਲੜਕੇ ਨੇ ਮੌਤ ਦਾ ਖਾਲਸਾ ਕੀਤਾ ਹੈ। ਲੜਕੇ ਨੇ ਸੋਸਾਈਡ ਨੋਟ 'ਚ ਲਿਖਿਆ ਹੈ, ''ਸਿੰਮੀ ਅਤੇ ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਮੈਂ ਹਾਂ, ਮੈਂ ਸਿੰਮੀ ਨੂੰ ਬਹੁਤ ਹੀ ਪਿਆਰ ਕਰਦਾ ਸੀ ਅਤੇ ਉਹ ਵੀ ਮੈਨੂੰ ਪਿਆਰ ਕਰਦੀ ਸੀ।'' ਉਸ ਨੇ ਅੱਗੇ ਲਿਖਿਆ, ''ਸਿੰਮੀ ਨੇ ਮੈਨੂੰ ਕੁਝ ਅਜਿਹਾ ਬੋਲ ਦਿੱਤਾ ਸੀ, ਜਿਸ ਕਰਕੇ ਮੈਂ ਸਾਰੀ ਰਾਤ ਸੌਂ ਨਾ ਸਕਿਆ। ਮੇਰੇ ਕੋਲ ਹੋਰ ਕੋਈ ਵੀ ਚਾਰਾ ਨਹੀਂ ਸੀ।''
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀ. ਸੀ. ਪੀ. ਪਰਮਵੀਰ ਸਿੰਘ ਪਰਮਾਰ, ਏ. ਡੀ. ਸੀ. ਪੀ. ਡੀ. ਸੂਡਰਵਿਜੀ, ਥਾਣਾ ਨੰ. 4 ਦੇ ਮੁਖੀ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਉਥੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਦੀ ਮੰਨੀਏ ਤਾਂ ਲੜਕਾ ਹੋਰ ਜਾਤੀ ਦਾ ਸੀ, ਇਸ ਲਈ ਦੋਵਾਂ ਦਾ ਵਿਆਹ ਨਹੀਂ ਹੋ ਸਕਦਾ ਸੀ।
ਜਾਣਕਾਰੀ ਅਨੁਸਾਰ ਸੀਮਾ ਤਿਵਾੜੀ ਉਰਫ ਸਿੰਮੀ (27) ਪੁੱਤਰੀ ਰਾਮ ਵਚਿੱਤਰ ਨਿਵਾਸੀ ਕਮਲ ਵਿਹਾਰ ਬਸ਼ੀਰਪੁਰਾ ਲਵਲੀ ਆਟੋਜ਼ 'ਚ ਕੰਮ ਕਰ ਰਹੀ ਸੀ। ਸੀਮਾ ਦੇ ਕਰਤਾਰਪੁਰ ਦੇ ਰਹਿਣ ਵਾਲੇ ਨੌਜਵਾਨ ਮਨਪ੍ਰੀਤ ਉਰਫ ਵਿੱਕੀ ਪੁੱਤਰ ਸੰਤੋਖ ਸਿੰਘ ਨਿਵਾਸੀ ਮੁਸਤਫਾਪੁਰ, ਕਰਤਾਰਪੁਰ ਨਾਲ ਪ੍ਰੇਮ ਸਬੰਧ ਸਨ। ਮਨਪ੍ਰੀਤ ਵੀ ਕਰਤਾਰਪੁਰ 'ਚ ਲਵਲੀ ਆਟੋਜ਼ ਵਿਚ ਕੰਮ ਕਰਦਾ ਸੀ, ਜਦਕਿ ਕੁਝ ਸਮਾਂ ਪਹਿਲਾਂ ਉਸ ਨੇ ਉਥੋਂ ਕੰਮ ਛੱਡ ਕੇ ਕਿਸੇ ਹੋਰ ਜਗ੍ਹਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮਨਪ੍ਰੀਤ ਸਿੰਮੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਸਿੰਮੀ ਦੇ ਪਰਿਵਾਰ ਵਾਲੇ ਇਸ ਗੱਲ ਲਈ ਰਾਜ਼ੀ ਨਹੀਂ ਸਨ।
ਸਿੰਮੀ ਦੇ ਭਰਾ ਅਤੇ ਸਟਾਫ ਨੇ ਦੱਸਿਆ ਕਿ ਮਨਪ੍ਰੀਤ ਦੋ-ਤਿੰਨ ਵਾਰ ਉਨ੍ਹਾਂ ਦੇ ਘਰ ਰਿਸ਼ਤਾ ਲੈ ਕੇ ਆਇਆ ਸੀ ਪਰ ਦੂਜੀ ਜਾਤ ਦਾ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਸਿੰਮੀ ਵਿਆਹੁਤਾ ਸੀ ਅਤੇ ਉਸ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ। ਬੀਤੇ ਦਿਨੀਂ ਸਿੰਮੀ ਅਤੇ ਮਨਪ੍ਰੀਤ ਦੀ ਆਪਸ ਵਿਚ ਫੋਨ 'ਤੇ ਕੁਝ ਗੱਲ ਹੋਈ ਸੀ, ਜਿਸ ਤੋਂ ਗੁੱਸੇ ਵਿਚ ਆ ਕੇ ਮਨਪ੍ਰੀਤ ਅੱਜ ਦੁਪਹਿਰ ਸਿੰਮੀ ਦੇ ਨਕੋਦਰ ਚੌਕ ਜਲੰਧਰ ਸਥਿਤ ਦਫਤਰ ਵਿਚ ਚਲਾ ਗਿਆ, ਜਿੱਥੇ ਉਹ ਦੂਜੀ ਮੰਜ਼ਿਲ ਸਥਿਤ ਕੰਟੀਨ 'ਚ ਆਪਣੇ ਦੋਸਤਾਂ ਨਾਲ ਖਾਣਾ ਖਾ ਰਹੀ ਸੀ, ਇਸ ਦੌਰਾਨ ਦੋਵਾਂ 'ਚ ਝਗੜਾ ਹੋ ਗਿਆ ਅਤੇ ਮਨਪ੍ਰੀਤ ਨੇ .32 ਬੋਰ ਦੇ ਰਿਵਾਲਵਰ ਨਾਲ ਫਾਇਰ ਕੀਤੇ ਅਤੇ ਸਿੰਮੀ ਨੂੰ ਦੋ ਗੋਲੀਆਂ ਮਾਰੀਆਂ। ਇਕ ਗੋਲੀ ਸਿੰਮੀ ਦੀ ਬਾਂਹ ਵਿਚ ਲੱਗੀ ਅਤੇ ਜਿਵੇਂ ਹੀ ਉਹ ਭੱਜਣ ਲੱਗੀ ਤਾਂ ਇਕ ਗੋਲੀ ਉਸ ਦੇ ਸਿਰ ਦੇ ਪਿੱਛੇ ਲੱਗੀ ਅਤੇ ਉਹ ਹੇਠਾਂ ਡਿੱਗ ਗਈ। ਉਸ ਤੋਂ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਗੋਲੀਆਂ ਚੱਲਦੀਆਂ ਦੇਖ ਕੇ ਸਾਰਾ ਸਟਾਫ ਉਥੋਂ ਭੱਜ ਕੇ ਹੇਠਾਂ ਆ ਗਿਆ। ਜਿਵੇਂ ਹੀ ਗੋਲੀਆਂ ਦੀ ਆਵਾਜ਼ ਬੰਦ ਹੋਈ ਤਾਂ ਸਟਾਫ ਮੈਂਬਰ ਅਤੇ ਸਕਿਓਰਿਟੀ ਗਾਰਡ ਨੇ ਜਾ ਕੇ ਦੇਖਿਆ ਕਿ ਸਾਰਾ ਕਮਰਾ ਖੂਨ ਨਾਲ ਲਥਪਥ ਸੀ। ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਨੰ. 4 ਦੀ ਪੁਲਸ, ਫਿੰਗਰ ਪ੍ਰਿੰਟ ਐਕਸਪਰਟ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮਨਪ੍ਰੀਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੂੰ ਮੌਕੇ ਤੋਂ ਇਕ ਰਿਵਾਰਲਵਰ .32 ਬੋਰ ਅਤੇ 4 ਗੋਲੀਆਂ ਦੇ ਖੋਲ ਮਿਲੇ ਹਨ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।