ਮਜ਼ਦੂਰੀ ਕਰਦਿਆਂ ਠੇਕੇਦਾਰ ਨਾਲ ਬਣਾਏ ਪ੍ਰੇਮ ਸਬੰਧ, 3 ਬੱਚਿਆਂ ਨੂੰ ਛੱਡ ਹੋਈ ਫਰਾਰ

Saturday, Oct 17, 2020 - 09:19 AM (IST)

ਮਜ਼ਦੂਰੀ ਕਰਦਿਆਂ ਠੇਕੇਦਾਰ ਨਾਲ ਬਣਾਏ ਪ੍ਰੇਮ ਸਬੰਧ, 3 ਬੱਚਿਆਂ ਨੂੰ ਛੱਡ ਹੋਈ ਫਰਾਰ

ਬਨੂੜ (ਗੁਰਪਾਲ) : ਇਕ ਪਰਵਾਸੀ ਨੌਜਵਾਨ ਦੀ ਪਤਨੀ ਵੱਲੋਂ 3 ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪਰਵਾਸੀ ਨੌਜਵਾਨ ਬੱਬਲੂ ਪੁੱਤਰ ਨਾਰਾਇਣ ਵਾਸੀ ਜ਼ਿਲ੍ਹਾ ਬਦਾਯੂ (ਯੂ. ਪੀ.) ਹਾਲ ਵਾਸੀ ਵਾਰਡ ਨੰਬਰ-10 ਬਾਬਾ ਬੰਦਾ ਸਿੰਘ ਬਹਾਦਰ ਕਾਲੋਨੀ ਬਨੂੜ ਨੇ ਦੱਸਿਆ ਕਿ ਉਸ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ 3 ਬੱਚੇ ਹਨ। ਉਸ ਦੀ ਪਤਨੀ ਨੀਤਾ (28) ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ਦੇ ਵਸਨੀਕ ਠੇਕੇਦਾਰ ਆਵੇਦ (31) ਜੋ ਕਿ ਕੋਠੀਆਂ ਬਣਾਉਣ ਦਾ ਕੰਮ ਕਰਦਾ ਹੈ, ਪਿਛਲੇ ਕਈ ਮਹੀਨਿਆਂ ਤੋਂ ਦਿਹਾੜੀ ਕਰਦੀ ਸੀ।

ਇਸੇ ਦੌਰਾਨ ਠੇਕੇਦਾਰ ਵੀ ਉਸ ਦੇ ਨੇੜੇ ਹੀ ਮਕਾਨ ਕਿਰਾਏ ’ਤੇ ਲੈ ਕੇ ਰਹਿਣ ਲੱਗ ਪਿਆ। ਇਸ ਦੌਰਾਨ ਦੋਵਾਂ ਦੇ ਆਪਸ ’ਚ ਪ੍ਰੇਮ ਸਬੰਧ ਬਣ ਗਏ, ਜਿਸ ਦੀ ਭਿਣਕ ਕਿਸੇ ਨੂੰ ਨਹੀਂ ਲੱਗੀ। ਪਰਵਾਸੀ ਨੌਜਵਾਨ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਪਤਨੀ ਕੰਮ ’ਤੇ ਨਹੀਂ ਗਈ ਅਤੇ 3 ਕੁ ਵਜੇ 20 ਹਜ਼ਾਰ ਰੁਪਏ ਦੀ ਪਈ ਨਕਦੀ ਚੁੱਕੀ ਅਤੇ ਬੱਚਿਆਂ ਨੂੰ ਘਰ ’ਚ ਹੀ ਛੱਡ ਕੇ ਫ਼ਰਾਰ ਹੋ ਗਈ। ਜਦੋਂ ਉਹ ਸ਼ਾਮ ਨੂੰ ਘਰ ਆਇਆ ਤਾਂ ਪਤਾ ਲੱਗਿਆ ਕਿ ਉਸ ਦੀ ਪਤਨੀ ਉਕਤ ਠੇਕੇਦਾਰ ਨਾਲ ਮੋਟਰਸਾਈਕਲ ’ਤੇ ਭੱਜ ਗਈ ਹੈ। ਘਟਨਾ ਦੀ ਸੂਚਨਾ ਥਾਣਾ ਬਨੂੜ ਦੀ ਪੁਲਸ ਨੂੰ ਕੀਤੀ ਗਈ।


author

Babita

Content Editor

Related News