''ਖੁੱਲ੍ਹਮ ਖੁੱਲ੍ਹਾ ਪਿਆਰ ਕਰੇਂਗੇ ਹਮ ਦੋਨੋ, ਇਸ ਦੁਨੀਆ ਸੇ ਨਹੀਂ ਡਰੇਂਗੇ ਹਮ ਦੋਨੋ''
Thursday, Feb 14, 2019 - 10:08 AM (IST)
ਜਲੰਧਰ (ਸ਼ੀਤਲ)— 'ਖੁੱਲ੍ਹਮ-ਖੁੱਲ੍ਹਾ ਪਿਆਰ ਕਰੇਂਗੇ ਹਮ ਦੋਨੋ, ਇਸ ਦੁਨੀਆ ਸੇ ਨਹੀਂ ਡਰੇਂਗੇ ਹਮ ਦੋਨੋ...' ਵੈਲੇਨਟਾਈਨ ਵੀਕ ਦੌਰਾਨ ਮਨਾਏ ਜਾਣ ਵਾਲੇ ਹਰ ਦਿਨ ਨੂੰ ਜਿਨ੍ਹਾਂ ਨੌਜਵਾਨਾਂ ਨੇ ਬੇੱਹਦ ਉਤਸ਼ਾਹ ਨਾਲ ਮਨਾਉਂਦਿਆਂ ਆਪਣਾ ਵੈਲੇਨਟਾਈਨ ਲੱਭ ਲਿਆ ਹੈ, ਉਹ ਉਸ ਦੇ ਨਾਲ ਜ਼ਿੰਦਗੀ ਭਰ ਸਾਥ ਨਿਭਾਉਣ ਲਈ ਪ੍ਰਪੋਜ਼ ਕਰ ਕੇ ਆਪਣਾ ਵੈਲੇਨਟਾਈਨ ਸੈਲੀਬਰੇਟ ਕਰਨਗੇ।
ਹਫਤੇ ਦੇ ਇੰਤਜ਼ਾਰ ਤੋਂ ਬਾਅਦ ਪਿਆਰ ਦੇ ਇਮਤਿਹਾਨ ਵਿਚ ਕੋਈ ਪਾਸ ਹੋਵੇਗਾ ਤੇ ਕਿਸੇ ਨੂੰ ਫਿਰ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਪਵੇਗਾ।
ਦੁਨੀਆ ਭਰ ਵਿਚ ਵੈਲੇਨਟਾਈਨ ਡੇਅ 'ਤੇ ਨੌਜਵਾਨਾਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਸੰਤ ਵੈਲੇਨਟਾਈਨ ਨੇ 18ਵੀਂ ਸਦੀ ਵਿਚ ਪਿਆਰ ਦਾ ਜੋ ਸੰਦੇਸ਼ ਦਿੱਤਾ ਉਸ ਨੂੰ ਸਾਰੀ ਦੁਨੀਆ 14 ਫਰਵਰੀ ਨੂੰ 'ਵੈਲੇਨਟਾਈਨ ਡੇਅ' ਦੇ ਤੌਰ 'ਤੇ ਮਨਾਉਂਦੀ ਹੈ।
ਜ਼ਿੰਦਗੀ ਵਿਚ ਸੱਚਾ ਪਿਆਰ ਹਾਸਲ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਕੋਈ ਕਿਸਮਤ ਵਾਲਾ ਹੀ ਪਿਆਰ ਦੇ ਸਮੁੰਦਰ 'ਚੋਂ ਸੱਚੇ ਪਿਆਰ ਦੀ ਭਾਲ ਕਰਦਾ ਹੈ ਤੇ ਕੋਈ ਪਿਆਰ ਨੂੰ ਪਛਾਣ ਕੇ ਵੀ ਉਸ ਦੀ ਅਣਦੇਖੀ ਕਰ ਕੇ ਜ਼ਿੰਦਗੀ ਭਰ ਪਛਤਾਉਂਦਾ ਹੈ।
ਪਿਆਰ ਦਾ ਅਹਿਸਾਰ ਕਿਸੇ ਦਿਖਾਵੇ ਦਾ ਮੋਹਤਾਜ ਨਹੀਂ ਹੁੰਦਾ, ਜਦੋਂ ਕਿਸੇ ਨਾਲ ਪਿਆਰ ਹੋਵੇ ਤਾਂ ਦਿਲ ਦੀ ਗੱਲ ਜ਼ੁਬਾਨ 'ਤੇ ਆ ਹੀ ਜਾਂਦੀ ਹੈ। ਕਵੀਆਂ, ਸ਼ਾਇਰਾਂ ਤੇ ਲੇਖਕਾਂ ਨੇ ਮਹਿਬੂਬ ਨੂੰ ਰੱਬ ਦਾ ਰੁਤਬਾ ਦਿੱਤਾ ਹੈ। 'ਪਿਆਰ' ਦੇ ਮੌਸਮ ਵਿਚ ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਨਾਲ ਵੈਲੇਨਟਾਈਨ ਡੇਅ ਖਰਾਬ ਕਰਨ ਦਾ ਰਿਸਕ ਕੋਈ ਨਹੀਂ ਲੈਣਾ ਚਾਹੁੰਦਾ, ਇਸ ਲਈ ਸੌਰਵ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਮੰਗੇਤਰ ਅੱਗੇ ਪਿਆਰ ਦਾ ਇਜ਼ਹਾਰ ਕਰਨ ਲਈ ਪੂਰੇ ਦਿਨ ਦੀ ਸੈਲੀਬ੍ਰੇਸ਼ਨ ਦੀ ਤਿਆਰੀ ਕੀਤੀ ਹੋਈ ਹੈ। ਇਸ ਦਿਨ ਕੁੱਝ ਸਰਪ੍ਰਾਈਜ਼ ਗਿਫਟ, ਫੁੱਲ ਤੇ ਲੰਚ ਦੀ ਬੁਕਿੰਗ ਉਨ੍ਹਾਂ ਦੇ ਇਸ ਦਿਨ ਨੂੰ ਖਾਸ ਬਣਾਏਗੀ। ਪ੍ਰਯਾਂਸ਼ ਨੇ ਕਿਹਾ ਕਿ ਇਸ ਵਾਰ ਦਿਲ ਤੋਂ ਡਾਇਰੈਕਟ ਇਜ਼ਹਾਰ ਕਰਨ ਲਈ ਉਸਨੇ ਮੂਵੀ ਤੋਂ ਬਾਅਦ ਲੰਚ ਦਾ ਪ੍ਰੋਗਰਾਮ ਬਣਾਇਆ ਹੈ। ਉਹ ਆਪਣੀ ਬਚਪਨ ਦੀ ਫਰੈਂਡ ਨੂੰ ਪ੍ਰਪੋਜ਼ ਕਰਨਗੇ।
ਮੈਟਰੀਮੋਨੀਅਲ ਸਾਈਟ 'ਤੇ ਮਿਲੇ ਆਯੂਸ਼ ਤੇ ਕਲਪਨਾ ਆਪਣੇ ਪਹਿਲੇ ਵੈਲੇਨਟਾਈਨ ਡੇਅ ਨੂੰ ਲਾਂਗ ਡਰਾਈਵ 'ਤੇ ਜਾ ਕੇ ਮਨਾਉਣਗੇ। ਇਸ ਤੋਂ ਇਲਾਵਾ ਨਵੇਂ ਵਿਆਹੇ ਜੋੜੇ ਵੀ ਜ਼ਿੰਦਗੀ ਭਰ ਇਸ ਪਲ ਦੀਆਂ ਖੁਸ਼ੀਆਂ ਨੂੰ ਸਹਿਜ ਕੇ ਰੱਖਣ ਲਈ ਇਕ-ਦੂਜੇ ਅੱਗੇ ਪਿਆਰ ਦਾ ਇਜ਼ਹਾਰ ਕਰਨਗੇ।
ਇਹ ਵੈਲੇਨਟਾਈਨ ਡੇਅ ਹੋਵੇਗਾ ਖਾਸ
ਪਿਆਰ ਇਕ ਅਜਿਹਾ ਸ਼ਬਦ ਹੈ, ਜਿਸ ਨੇ ਹਰ ਰਿਸ਼ਤੇ ਨੂੰ ਆਪਣੀ ਤੰਦ ਨਾਲ ਬੰਨ੍ਹ ਕੇ ਰੱਖਿਆ ਹੈ। ਪਿਆਰ ਦੀਆਂ ਤੰਦਾਂ ਨਾਲ ਬੱਝੇ ਇਸ ਸਮਾਜ ਵਿਚ ਮਾਂ-ਪਿਉ, ਪਤੀ-ਪਤਨੀ, ਭਰਾ-ਭੈਣ ਤੇ ਦੋਸਤਾਂ ਨਾਲ ਪਤਾ ਨਹੀਂ ਕਿੰਨੇ ਰਿਸ਼ਤੇ ਨਿਭਾਉਂਦੇ ਹਨ।
ਕੁੱਝ ਸਮਾਂ ਪਹਿਲਾਂ ਤੱਕ ਜਿੱਥੇ ਵੈਲੇਨਟਾਈਨ ਡੇਅ ਬਾਰੇ ਕੁੱਝ ਚੰਗੀ ਸੋਚ ਨਹੀਂ ਸੀ ਪਰ ਅੱਜ ਹਰ ਰਿਸ਼ਤੇ ਵਿਚ ਪਿਆਰ ਦੀ ਅਹਿਮੀਅਤ ਨੂੰ ਮਾਨਤਾ ਦਿੰਦਿਆਂ ਹਰ ਕੋਈ ਵੈਲੇਨਟਾਈਨ ਡੇਅ 'ਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੀ ਪਹਿਲ ਕਰਦਿਆਂ ਪਿਆਰ ਦਾ ਸੰਦੇਸ਼ ਵੰਡੇਗਾ।
ਲਾਲ ਰੰਗ ਦੀ ਬਹਾਰ
ਪਿਆਰ ਦੇ ਇਜ਼ਹਾਰ 'ਚ ਲਾਲ ਰੰਗ ਦਾ ਖਾਸ ਮਹੱਤਵ ਹੈ। ਇਸ ਲਈ ਲਾਲ ਗੁਲਾਬ, ਲਾਲ ਰੰਗ ਦੇ ਟੈਡੀ, ਲਾਲ ਰੰਗ ਵਾਲੇ ਗਿਫਟਸ, ਲਾਲ ਰੰਗ ਦੇ ਕੱਪੜੇ ਪਾਉਣ ਪ੍ਰਤੀ ਨੌਜਵਾਨਾਂ ਵਿਚ ਬੇੱਹਦ ਕ੍ਰੇਜ਼ ਹੈ। ਲਾਲ ਰੰਗ ਦੇ ਕ੍ਰੇਜ਼ ਨੂੰ ਦੇਖਦਿਆਂ ਕਈ ਗਾਰਮੈਂਟਸ ਕੰਪਨੀਆਂ ਨੇ ਵੀ ਵੈਲੇਨਟਾਈਨ ਡੇਅ 'ਤੇ ਖਾਸ ਛੋਟ ਦਿੱਤੀ ਹੈ।
ਰੁੱਸਿਆਂ ਨੂੰ ਮਨਾ ਕੇ ਮਿਲਦੀ ਹੈ ਖੁਸ਼ੀ
ਸ਼ਿਵਾਂਸ਼ ਨੇ ਦੱਸਿਆ ਕਿ ਆਪਣੀ ਪਤਨੀ ਦੀ ਨਾਰਾਜ਼ਗੀ ਉਹ ਉਸ ਨਾਲ ਮੂਵੀ ਤੇ ਕੈਂਡਲ ਲਾਈਟ ਡਿਨਰ ਕਰ ਕੇ ਦੂਰ ਕਰਨਗੇ। ਸੰਦੀਪ ਨੇ ਕਿਹਾ ਕਿ ਵੈਲੇਨਟਾਈਨ ਡੇਅ 'ਤੇ ਉਸ ਦੇ ਵਿਆਹ ਦੀ ਵਰ੍ਹੇਗੰਢ ਵੀ ਹੁੰਦੀ ਹੈ, ਇਸ ਲਈ ਇਹ ਦਿਨ ਉਸ ਦੇ ਲਈ ਖਾਸ ਹੈ। ਪਹਿਲਾਂ ਵਾਂਗ ਇਸ ਵਾਰ ਵੀ ਉਹ ਆਪਣੀ ਵਾਈਫ ਨੂੰ ਪਰਸਨਲ ਕਾਰ ਗਿਫਟ ਕਰ ਕੇ ਸਰਪ੍ਰਾਈਜ਼ ਦੇਣਗੇ।
ਪਿਆਰ ਦੇ ਇਜ਼ਹਾਰ ਦਾ ਅੰਦਾਜ਼ ਹੋਵੇਗਾ ਨਿਰਾਲਾ
ਪਿਆਰ ਮੁਹੱਬਤ ਦਿਲ ਦੀ ਖੇਡ, ਕੋਈ ਹੋਵੇਗਾ ਪਾਸ ਤੇ ਕੋਈ ਹੋਵੇਗਾ ਫੇਲ...ਵੈਲੇਨਟਾਈਨ ਡੇਅ 'ਤੇ ਲੜਕੇ ਰੈੱਡ ਰੋਜ਼ ਲੈ ਕੇ ਜਿੱਥੇ ਬੇ-ਧੜਕ ਹੋ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਨਗੇ, ਉਥੇ ਲੜਕੀਆਂ ਵੀ ਆਪਣੀਆਂ ਫਰੈਂਡਸ ਨਾਲ ਗੋਭੀ ਦਾ ਫੁੱਲ, ਵਟਸਐਪ ਮੈਸੇਜ ਕਰ ਕੇ ਵਿਸ਼ ਕਰਨ ਦਾ ਸੋਚ ਰਹੀਆਂ ਹਨ। ਸੰਧਿਆ ਨੇ ਦੱਸਿਆ ਕਿ ਉਸ ਨੇ ਤਾਂ ਸਪੈਸ਼ਲ ਲਾਲ ਰੰਗ ਦੀ ਡਰੈੱਸ ਖਰੀਦੀ ਹੈ। ਕੁਨਾਲ ਨੇ ਕਿਹਾ ਕਿ ਪਿਆਰ ਦੇ ਇਸ ਦਿਨ ਉਹ ਆਪਣੇ 'ਪਿਆਰ' ਕੋਲੋਂ ਜੀਵਨ ਭਰ ਦਾ ਸਾਥ ਮੰਗ ਕੇ ਵੈਲੇਨਟਾਈਨ ਡੇਅ ਮਨਾਉਣਗੇ।