ਸਾਹਨੇਵਾਲ : ਲਾਟਰੀ ਦੀ ਆੜ੍ਹ ਹੇਠ ਸ਼ਰੇਆਮ ਚੱਲ ਰਿਹੈ ਦੜ੍ਹੇ-ਸੱਟੇ ਦਾ ਕਾਰੋਬਾਰ
Thursday, Feb 21, 2019 - 01:27 PM (IST)
ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਦੇ ਸਮਰਾਲਾ-ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਕਟਾਣੀ ਕਲਾਂ ਦੇ ਚੌਂਕ ਵਿਚ ਲਾਟਰੀ ਦੀ ਆੜ੍ਹ ਹੇਠ ਦੜ੍ਹੇ-ਸੱਟੇ ਦਾ ਕਾਰੋਬਾਰ ਪਿਛਲੇ ਕਾਫ਼ੀ ਦਿਨਾਂ ਤੋਂ ਸ਼ਰੇਆਮ ਚੱਲ ਰਿਹਾ ਹੈ ਅਤੇ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨੀ ਉਸ ਦੀ ਕਾਰਗੁਜ਼ਾਰੀ 'ਤੇ ਸ਼ੰਕਾ ਖੜ੍ਹੀ ਕਰਦੀ ਹੈ। ਕਟਾਣੀ ਕਲਾਂ ਪਿੰਡ ਦੇ ਭੀੜ-ਭੜੱਕੇ ਵਾਲੇ ਬਜ਼ਾਰ ਵਿਚ ਇੱਕ ਦੁਕਾਨ ਅੰਦਰ ਬੈਠੇ ਕਈ ਵਿਅਕਤੀ ਮੋਬਾਇਲ ਹੱਥ ਵਿਚ ਫੜ੍ਹ ਕੇ ਲਾਟਰੀ ਲਗਾਉਣ ਵਾਲੇ ਵਿਅਕਤੀਆਂ ਨੂੰ ਆਨਲਾਈਨ ਨੰਬਰ ਦਿੰਦੇ ਹਨ ਅਤੇ ਇਹ ਕੋਈ ਕੰਪਿਊਟਰ ਪਰਚੀ ਨਹੀਂ ਬਲਕਿ ਹੱਥ ਨਾਲ ਲਿਖਤ ਕੋਡ ਵਰਡ ਵਾਲੀਆਂ ਪਰਚੀਆਂ ਹਨ ਅਤੇ ਹਰੇਕ 15-20 ਮਿੰਟ ਬਾਅਦ ਮੋਬਾਇਲ 'ਤੇ ਹੀ ਜੋ ਇਸ ਲਾਟਰੀ ਦਾ ਨਤੀਜਾ ਆਉਂਦਾ ਹੈ, ਉਹ ਲਾਟਰੀ ਪਾਉਣ ਵਾਲਿਆਂ ਨੂੰ ਦੱਸਿਆ ਜਾਂਦਾ ਹੈ।
ਲਾਟਰੀ ਲਗਾਉਣ ਵਾਲੇ ਜ਼ਿਆਦਾਤਰ ਲੋਕ ਗਰੀਬ ਪਰਿਵਾਰ ਨਾਲ ਸਬੰਧਿਤ ਮਜ਼ਦੂਰੀ ਕਰਨ ਵਾਲੇ ਹਨ, ਜੋ ਕਿ ਜਲਦ ਅਮੀਰ ਹੋਣ ਦੀ ਚਾਹਤ ਵਿਚ ਲਾਟਰੀ ਦੀ ਆੜ੍ਹ ਹੇਠ ਦੜ੍ਹੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਆਪਣਾ ਸਭ ਕੁੱਝ ਲੁਟਾ ਰਹੇ ਹਨ। ਇਹ ਦੜ੍ਹੇ-ਸੱਟੇ ਦਾ ਕਾਰੋਬਾਰ ਕਰਨ ਵਾਲੇ 1 ਤੋਂ ਲੈ ਕੇ 100 ਨੰਬਰ ਤੱਕ ਲਗਾਉਣ ਵਾਲੇ ਨੂੰ 10 ਰੁਪਏ ਲਗਾਉਣ 'ਤੇ 8 ਗੁਣਾ 800 ਰੁਪਏ ਦੇ ਰਹੇ ਹਨ ਅਤੇ 1 ਤੋਂ ਲੈ ਕੇ 10 ਤੱਕ ਨੰਬਰ ਲਗਾਉਣ ਵਾਲੇ ਨੂੰ 11 ਰੁਪਏ ਲਗਾਉਣ ਦਾ 100 ਰੁਪਏ ਦੇ ਰਹੇ ਹਨ। ਦੜ੍ਹੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਸ਼ਰੇਆਮ ਨੰਬਰ ਲਗਾਉਣ ਵਾਲੇ ਨੂੰ ਹੱਥ ਲਿਖਤ ਪਰਚੀ ਦਿੰਦੇ ਹਨ ਅਤੇ ਕੋਡ ਵਿਚ ਉਸਦਾ ਨੰਬਰ ਤੇ ਪੈਸੇ ਲਿਖ ਦਿੰਦੇ ਹਨ ਤਾਂ ਜੋ ਨਤੀਜਾ ਆਉਣ 'ਤੇ ਉਸ ਨੂੰ ਬਣਦੀ ਅਦਾਇਗੀ ਕਰ ਦਿੱਤੀ ਜਾਵੇ ਅਤੇ ਜਦੋਂ ਨੰਬਰ ਨਹੀਂ ਆਉਂਦਾ ਤਾਂ ਉਸਦੀ ਪਰਚੀ ਬੇਕਾਰ ਹੋ ਜਾਂਦੀ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿੰਡ ਕਟਾਣੀ ਕਲਾਂ ਦੀ ਪੁਲਸ ਚੌਂਕੀ ਤੋਂ ਕਰੀਬ ਅੱਧਾ ਕਿਲੋਮੀਟਰ ਦੂਰੀ 'ਤੇ ਇਹ ਦੜ੍ਹੇ-ਸੱਟੇ ਦਾ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ ਅਤੇ ਆਲੇ-ਦੁਆਲੇ ਦੇ ਦੁਕਾਨਦਾਰ ਹੈਰਾਨ ਕਿ ਪੁਲਸ ਨੂੰ ਇਹ ਨਾਜਾਇਜ਼ ਕਾਰੋਬਾਰ ਤੇ ਗਰੀਬਾਂ ਦੀ ਹੋ ਰਹੀ ਲੁੱਟ ਦਿਖਾਈ ਕਿਓਂ ਨਹੀਂ ਦੇ ਰਹੀ। ਕੁੱਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਹਲਕਾ ਸਾਹਨੇਵਾਲ ਦੇ ਸੱਤਾਧਿਰ ਨਾਲ ਸਬੰਧਿਤ ਇੱਕ ਕਾਂਗਰਸੀ ਆਗੂ ਤੇ ਪੁਲਸ ਦੀ ਮਿਲੀ-ਭੁਗਤ ਨਾਲ ਇਹ ਕਾਰੋਬਾਰ ਪਿਛਲੇ ਕਾਫ਼ੀ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਜਦੋਂ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਇੱਕ ਮਾਮੂਲੀ ਦੜ੍ਹੇ-ਸੱਟੇ ਦਾ ਪਰਚਾ ਦਰਜ਼ ਕਰ ਜ਼ਮਾਨਤ 'ਤੇ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ ਅਤੇ 1-2 ਦਿਨ ਕੰਮ ਬੰਦ ਰੱਖਣ ਤੋਂ ਬਾਅਦ ਇਹ ਧੰਦਾ ਨਿਰੰਤਰ ਜਾਰੀ ਹੈ, ਜਦਕਿ ਲੋਕਾਂ ਨੇ ਮੰਗ ਕੀਤੀ ਲਾਟਰੀ ਦੀ ਆੜ੍ਹ ਹੇਠ ਦੜ੍ਹੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕਰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।