8 ਦਿਨਾਂ ਤੋਂ ਫਿਰੋਜ਼ਪੁਰ ’ਚ ਰੋਜ਼ਾਨਾ ਲੁੱਟ ਦੀਆਂ ਹੋ ਰਹੀਆਂ ਹਨ ਘਟਨਾਵਾਂ
Thursday, Aug 19, 2021 - 12:10 AM (IST)
ਫ਼ਿਰੋਜ਼ਪੁਰ(ਕੁਮਾਰ)- ਫਿਰੋਜ਼ਪੁਰ ਸ਼ਹਿਰ ਛਾਉਣੀ ਵਿਚ ਪਿਛਲੇ ਕਰੀਬ 8 ਦਿਨਾਂ ਤੋਂ ਰੋਜ਼ਾਨਾ ਲੁੱਟ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰੇ ਨਾਜਾਇਜ਼ ਹਥਿਆਰ ਲੈ ਕੇ ਘੁੰਮ ਰਹੇ ਹਨ। ਦਿਨ-ਦਿਹਾੜੇ ਲੁਟੇਰੇ ਸਕੂਟਰ ’ਤੇ ਜਾਂਦੀਆਂ ਔਰਤਾਂ ਦੇ ਗਲੇ ਵਿਚੋਂ ਸੋਨੇ ਦੀਆਂ ਚੇਨੀਆਂ, ਹੱਥਾਂ ਵਿਚ ਫੜੇ ਮੋਬਾਇਲ ਅਤੇ ਪਰਸ ਖੋਹ ਰਹੇ ਹਨ ਤੇ ਆਉਂਦੇ-ਜਾਂਦੇ ਲੋਕਾਂ ਤੋਂ ਹਥਿਆਰਾਂ ਦੀ ਨੋਕ ’ਤੇ ਕੈਸ਼ ਲੁੱਟ ਰਹੇ ਹਨ।
ਲੁਟੇਰਿਆਂ ਦੇ ਅੰਦਰ ਪੁਲਸ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਅਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਔਰਤਾਂ ਹੱਥਾਂ ਵਿਚ ਫੋਨ ਲੈ ਕੇ ਚੱਲਣ ਅਤੇ ਗਲੇ ਵਿਚ ਸੋਨੇ ਦੀਆਂ ਚੇਨੀਆਂ ਪਾਉਣ ਤੋਂ ਡਰਨ ਲੱਗੀਆਂ ਹਨ। 15 ਅਗਸਤ ਨੂੰ ਲੈ ਕੇ ਪੰਜਾਬ ਵਿਚ ਰੈੱਡ ਅਲਰਟ ਹੋਣ ਦੇ ਬਾਵਜੂਦ ਲੁਟੇਰਿਆਂ ਦੀਆਂ ਗਤੀਵਿਧੀਆਂ ਚੱਲਦੀਆਂ ਰਹੀਆਂ। ਫਿਰੋਜ਼ਪੁਰ ਵਿਚ ਭਾਰੀ ਮਾਤਰਾ ਵਿਚ ਮੋਟਰਸਾਈਕਲ ਸਵਾਰ ਲੁਟੇਰੇ ਨਾਜਾਇਜ਼ ਪਿਸਤੌਲ ’ਤੇ ਤੇਜ਼ਧਾਰ ਹਥਿਆਰ ਲੈ ਕੇ ਘੁੰਮ ਰਹੇ ਹਨ ਅਤੇ ਇਹ ਮੰਨਿਆ ਜਾਂਦਾ ਹੈ ਕਿ ਫ਼ਿਰੋਜ਼ਪੁਰ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਨਾਜਾਇਜ਼ ਹਥਿਆਰਾਂ ਦਾ ਜ਼ਖ਼ੀਰਾ ਹੈ ਅਤੇ ਇਹ ਨਾਜਾਇਜ਼ ਹਥਿਆਰ ਲੋਕਾਂ ਦੇ ਲਈ ਜਾਨਲੇਵਾ ਸਾਬਤ ਹੋ ਰਹੇ ਹਨ।
ਇਹ ਵੀ ਪੜ੍ਹੋ : ਬਠਿੰਡਾ ’ਚ ਗੋਲੀ ਲੱਗਣ ਨਾਲ ਹੈੱਡ ਕਾਂਸਟੇਬਲ ਦੀ ਮੌਤ
ਬੀਤੀ ਸਵੇਰ ਲੁਟੇਰਿਆਂ ਨੇ ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਵਿਚ ਜਾਂਦੇ ਇਕ ਫੜ੍ਹੀ ਲਗਾਉਣ ਵਾਲੇ ਤੋਂ 2 ਮੋਟਰਸਾਈਕਲ ਸਵਾਰ ਸ਼ਮਸ਼ਾਨਘਾਟ ਅਤੇ ਸ਼ਹਿਰ ਦੀ ਮੰਡੀ ਦੇ ਕੋਲ ਪਿਸਤੌਲ ਦੀ ਨੋਕ ’ਤੇ ਕਰੀਬ 38800 ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਅਤੇ ਇੱਛੇ ਵਾਲਾ ਰੋਡ ’ਤੇ ਸਵੇਰ ਦੇ ਸਮੇਂ ਪਿਸਤੌਲ ਦੀ ਨੋਕ ’ਤੇ ਇਕ ਦੁਕਾਨਦਾਰ ਤੋਂ 1940 ਰੁਪਏ ਖੋਹ ਕੇ ਲੈ ਗਏ ਅਤੇ ਇਸੇ ਸੜਕ ’ਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਸਕੂਟਰ ’ਤੇ ਜਾਂਦੀ ਮਾਂ-ਬੇਟੀ ਦੇ ਗਲੇ ਵਿਚੋਂ ਪਾਈ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ। 13 ਅਗਸਤ ਨੂੰ ਦੁਪਹਿਰ ਦੇ ਸਮੇਂ ਹਥਿਆਰਬੰਦ ਲੋਕਾਂ ਨੇ ਪੋਸਟ ਆਫਿਸ ਫਿਰੋਜ਼ਪੁਰ ਦੇ ਮੋਟਰਸਾਈਕਲ ’ਤੇ ਜਾਂਦੇ ਕਰਮਚਾਰੀ ਪ੍ਰਦੀਪ ਧਵਨ ਨੂੰ ਐੱਸ.ਟੀ.ਐੱਫ. ਥਾਣਾ ਅਤੇ ਜ਼ਿਲਾ ਟ੍ਰੈਫਿਕ ਪੁਲਸ ਥਾਣੇ ਦੇ ਸਾਹਮਣੇ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ।
ਹੈਰਾਨੀ ਦੀ ਗੱਲ ਇਹ ਹੈ ਕਿ ਆਮ ਲੋਕਾਂ ਦੇ ਨਾਲ ਲੁੱਟ ਦੀਆਂ ਘਟਨਾਵਾਂ ਤਾਂ ਹੋ ਹੀ ਰਹੀਆਂ ਹਨ ਪਰ 11 ਅਗਸਤ ਨੂੰ ਮੋਟਰਸਾਈਕਲ ਸਵਾਰ ਲੁਟੇਰੇ, ਸਾਈਕਲ ’ਤੇ ਜਾ ਰਹੇ ਇਕ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਹੱਥਾਂ ’ਚੋਂ ਮੋਬਾਇਲ ਖੋਹ ਕੇ ਲੈ ਗਏ ਅਤੇ 9 ਅਗਸਤ ਨੂੰ ਦਿੱਲੀ ਤੋਂ ਆਏ ਇਕ ਜੋੜੇ ਤੋਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਪਾਰਕ ਦੇ ਕੋਲ ਪਿਸਤੌਲ ਦੀ ਨੋਕ ’ਤੇ ਔਰਤ ਤੋਂ ਉਸ ਦਾ ਪਰਸ ਖੋਹ ਲਿਆ ਅਤੇ ਉਸ ਤੋਂ ਪਹਿਲਾਂ ਮਲਹੋਤਰਾ ਐਕਸਰੇ ਸੈਂਟਰ ਤੋਂ ਦਵਾਈ ਲੈਣ ਆਈ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਫ਼ਰਾਰ ਹੋ ਗਏ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੇ ਚਲਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ
‘ਪੁਲਸ ਵੱਲੋਂ ਪਟਰੋਲਿੰਗ ਅਤੇ ਨਾਕਾਬੰਦੀ ਹੋਰ ਤੇਜ਼ ਕਰ ਦਿੱਤੀ ਗਈ ਹੈ’
ਦੂਜੇ ਪਾਸੇ ਸੰਪਰਕ ਕਰਨ ’ਤੇ ਡੀ.ਐੱਸ.ਪੀ. ਸਤਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਵਿਚ ਪੁਲਸ ਵੱਲੋਂ ਨਾਕਾਬੰਦੀ ਅਤੇ ਗਸ਼ਤ ਹੋਰ ਤੇਜ਼ ਕਰ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਫੜਨ ਦੇ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਕਈ ਸਮਾਜ ਵਿਰੋਧੀ ਅਨਸਰ ਪੁਲਸ ਦੇ ਰਾਡਾਰ ’ਤੇ ਹਨ ਅਤੇ ਪੁਲਸ ਇਨ੍ਹਾਂ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕਰ ਲਵੇਗੀ। ਉਨ੍ਹਾਂ ਨੇ ਦੱਸਿਆ ਕਿ ਐਸਐਸਪੀ ਫ਼ਿਰੋਜ਼ਪੁਰ ਸ਼੍ਰੀ ਬਾਗੀਰਥ ਸਿੰਘ ਮੀਨਾ ਦੇ ਨਿਰਦੇਸ਼ਾਂ ਅਨੁਸਾਰ ਲੁਟੇਰਿਆਂ ਨੂੰ ਫੜਨ ਦੇ ਲਈ ਪੁਲਸ ਵੱਲੋਂ ਵੱਡੇ ਪੱਧਰ ’ਤੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਦੇ ਲਈ ਰੇਡ ਕੀਤੇ ਜਾ ਰਹੇ ਹਨ।