ਔਰਤ ਨੂੰ ਬੰਨ੍ਹ ਕੇ ਲੁੱਟੇ 2.5 ਲੱਖ ਤੇ 15 ਤੋਲੇ ਸੋਨਾ

11/16/2017 7:05:01 AM

ਸੁਲਤਾਨਪੁਰ ਲੋਧੀ, (ਧੀਰ, ਜੋਸ਼ੀ)- ਪਵਿੱਤਰ ਨਗਰੀ 'ਚ ਦਿਨ-ਦਿਹਾੜੇ ਦੁਪਹਿਰ ਕਰੀਬ 2 ਵਜੇ ਮੁਹੱਲਾ ਉੱਪਲਾਂ ਵਿਖੇ ਇਕ ਔਰਤ ਨੂੰ ਉਸ ਦੇ ਘਰ 'ਚ ਹੀ ਬੰਨ੍ਹ ਕੇ ਨਕਦੀ ਤੇ ਸੋਨਾ ਲੁੱਟ ਕੇ ਦੋ ਲੁਟੇਰੇ ਫਰਾਰ ਹੋ ਗਏ। 
ਜਾਣਕਾਰੀ ਅਨੁਸਾਰ ਮੁਹੱਲਾ ਉੱਪਲਾਂ ਵਿਖੇ ਪ੍ਰਵੀਨ ਮਹਿਤਾ ਪਤਨੀ ਰਵੀ ਮਹਿਤਾ ਟਿੰਬਰ ਮਰਚੈਂਟ (ਢਿੱਲਵਾਂ ਵਾਲੇ) ਦੇ ਘਰ 2 ਨੌਜਵਾਨ ਆਏ ਤੇ ਗੇਟ ਖੜਕਾ ਕੇ ਕਿਹਾ ਕਿ ਅਸੀਂ ਤੁਹਾਡੀ ਦੁਕਾਨ ਦੇ ਲੱਕੜ ਦੇ ਪੈਸੇ 20 ਹਜ਼ਾਰ ਰੁਪਏ ਦੇਣੇ ਹਨ ਤੇ ਗੇਟ ਖੋਲ੍ਹ ਕੇ ਲੈ ਲਵੋ। ਪ੍ਰਵੀਨ ਮਹਿਤਾ ਵੱਲੋਂ ਘਰ 'ਚ ਪੈਸੇ ਨਾ ਲੈਣ ਤੋਂ ਕਹਿਣ ਦੇ ਬਾਅਦ ਉਕਤ ਬਾਹਰ ਖੜ੍ਹੇ ਲੁਟੇਰਿਆਂ ਨੇ ਗੇਟ ਨੂੰ ਧੱਕਾ ਮਾਰ ਕੇ ਖੋਲ੍ਹ ਲਿਆ ਤੇ ਇਕ ਲੁਟੇਰੇ ਨੇ ਘਰ 'ਚ ਦਾਖਲ ਹੋ ਕੇ ਪ੍ਰਵੀਨ ਕੋਲੋਂ ਪਹਿਲਾਂ ਮੋਬਾਇਲ ਖੋਹ ਲਿਆ ਤੇ ਫਿਰ ਉਸ ਦਾ ਚੁੰਨੀ ਨਾਲ ਮੂੰਹ ਬੰਨ੍ਹ ਗਲੇ ਤੇ ਕੰਨ 'ਚੋਂ ਸੋਨੇ ਦੀ ਵਾਲੀ, ਚੇਨ ਆਦਿ ਲਹਾਉਣ ਤੋਂ ਬਾਅਦ ਕਿਹਾ ਕਿ ਜੋ ਹੋਰ ਵੀ ਨਕਦੀ ਤੇ ਸੋਨਾ ਪਿਆ ਸਾਰਾ ਹਵਾਲੇ ਕਰ ਦਿਓ ਨਹੀਂ ਤਾਂ ਗੋਲੀ ਮਾਰ ਦੇਵਾਂਗਾ, ਦਾ ਡਰ ਦੇ ਕੇ ਲੁਟੇਰਿਆਂ ਨੇ ਪਹਿਲਾਂ ਇਕ ਕਮਰੇ 'ਚ ਪਿਆ ਕੈਸ਼ ਸਮੇਟਿਆ ਤੇ ਬੰਦ ਦੂਸਰੇ ਕਮਰੇ ਦੀ ਪ੍ਰਵੀਨ ਕੋਲੋਂ ਚਾਬੀ ਲੈ ਕੇ ਕਮਰੇ ਨੂੰ ਖੋਲ੍ਹ ਕੇ ਉਸ ਕਮਰੇ 'ਚ ਵੀ ਸਾਰੇ ਸਾਮਾਨ ਦੀ ਉਥਲ-ਪੁਥਲ ਕਰ ਕੇ ਪਈ ਨਕਦੀ ਤੇ ਸੋਨਾ ਲੈ ਕੇ ਉਹ ਫਰਾਰ ਹੋ ਗਏ।
ਪ੍ਰਵੀਨ ਦੇ ਅਨੁਸਾਰ ਇਕ ਲੁਟੇਰੇ ਨੇ ਕੰਨ 'ਚ ਵਾਲੀ ਪਾਈ ਹੋਈ ਸੀ ਤੇ ਉਸ ਦੇ ਵਾਲ ਘੁੰਗਰਾਲੇ ਸਨ ਦੂਸਰੇ ਬਾਹਰ ਖੜ੍ਹੇ ਲੁਟੇਰੇ ਦੀ ਮੈਂ ਪਛਾਣ ਨਾ ਕਰ ਸਕੀ। ਲੁਟੇਰੇ ਵੱਲੋਂ ਲੁੱਟ ਕਰਨ ਤੋਂ ਬਾਅਦ ਪ੍ਰਵੀਨ ਮਹਿਤਾ ਨੂੰ ਕਮਰੇ 'ਚ ਬੰਦ ਕਰ ਕੇ ਬਾਹਰ ਲਾਕ ਕਰ ਕੇ ਚਲੇ ਗਏ। ਲੁਟੇਰੇ ਦੇ ਚਲੇ ਜਾਣ ਤੋਂ ਬਾਅਦ ਪ੍ਰਵੀਨ ਮਹਿਤਾ ਕਮਰੇ ਦੇ ਦੂਸਰੇ ਪਾਸੇ ਦੀ ਸਾਈਡ ਤੋਂ ਬਾਹਰ ਆਈ ਤੇ ਰੌਲਾ ਪਾ ਕੇ ਮੁਹੱਲਾ ਵਾਸੀਆਂ ਨੂੰ ਸੱਦਿਆ। ਪਤਾ ਲੱਗਣ 'ਤੇ ਪ੍ਰਵੀਨ ਦੇ ਭਰਾ ਚੰਦਰ ਮੋਹਨ ਨਈਅਰ, ਪਤੀ ਰਵੀ ਮਹਿਤਾ, ਭਤੀਜੇ ਲੱਕੀ ਨਈਅਰ ਪ੍ਰਧਾਨ ਯੂਥ ਕਾਂਗਰਸ ਸ਼ਹਿਰੀ ਪੁੱਜੇ, ਜਿਨ੍ਹਾਂ ਤੁਰੰਤ ਪੁਲਸ ਥਾਣੇ 'ਚ ਸੂਚਿਤ ਕੀਤਾ। 
ਘਟਨਾ ਵਾਲੀ ਥਾਂ 'ਤੇ ਪੀ. ਸੀ. ਆਰ. ਵਾਲੇ, ਐੱਸ. ਐੱਚ. ਓ. ਸਰਬਜੀਤ ਸਿੰਘ, ਏ. ਐੱਸ. ਆਈ. ਕਿਰਪਾਲ ਸਿੰਘ ਮੌਕੇ 'ਤੇ ਪਹੁੰਚ ਗਏ। ਐੱਸ. ਐੱਚ. ਓ. ਸਰਬਜੀਤ ਸਿੰਘ ਨੂੰ ਪ੍ਰਵੀਨ ਮਹਿਤਾ ਦੇ ਪਤੀ ਰਵੀ ਮਹਿਤਾ ਨੇ ਦੱਸਿਆ ਕਿ ਲੁਟੇਰੇ ਘਰ 'ਚ ਪਈ ਕਰੀਬ 2.5 ਲੱਖ ਦੀ ਨਕਦੀ ਤੇ 15 ਤੋਲੇ ਸੋਨਾ ਲੁੱਟ ਕੇ ਲੈ ਗਏ ਹਨ।
ਥਾਣਾ ਮੁਖੀ ਸਰਬਜੀਤ ਸਿੰਘ ਨੇ ਕਿਹਾ ਕਿ ਲੁਟੇਰੇ ਘਰ ਦੇ ਭੇਤੀ ਲੱਗਦੇ ਹਨ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਕੇ ਇਸ ਲੁੱਟ ਕਾਂਡ ਦਾ ਪਰਦਾਫਾਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਤੁਰੰਤ ਵਾਇਰਲੈੱਸ 'ਤੇ ਸੂਚਨਾ ਦੇ ਕੇ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ 'ਤੇ ਸਪੈਸ਼ਲ ਨਾਕੇ ਲਾ ਕੇ ਚੈਕਿੰਗ ਕਰਨ ਦੇ ਹੁਕਮ ਦਿੱਤੇ। ਇਸ ਦਿਨ-ਦਿਹਾੜੇ ਹੋਏ ਲੁੱਟ ਕਾਂਡ ਨਾਲ ਸ਼ਹਿਰ ਵਾਸੀਆਂ 'ਚ ਦਹਿਸ਼ਤ ਪਾਈ ਜਾ ਰਹੀ ਹੈ। 


Related News