ਲੁੱਟ ਦਾ ਸ਼ਿਕਾਰ ਹੋਇਆ ਵਿਅਕਤੀ ਪਹੁੰਚਿਆ ਥਾਣੇ, ਪੁਲਸ ਨੇ ਨਹੀਂ ਖੋਲ੍ਹਿਆ ਗੇਟ
Friday, Mar 02, 2018 - 05:32 AM (IST)

ਜਲੰਧਰ, (ਮਹੇਸ਼)- ਬੁੱਧਵਾਰ ਦੇਰ ਰਾਤ 2.30 ਵਜੇ ਇਕ ਮੁਲਾਜ਼ਮ ਡਿਊਟੀ ਖਤਮ ਕਰ ਕੇ ਘਰ ਜਾਂਦੇ ਸਮੇਂ ਸਾਬਕਾ ਵਿਧਾਇਕ ਹੈਨਰੀ ਦੇ ਪੈਟਰੋਲ ਪੰਪ ਸਾਹਮਣੇ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ। ਮਨੋਹਰ ਲਾਲ ਪੁੱਤਰ ਮਿਲਖੀ ਰਾਮ ਵਾਸੀ ਅਮਰੀਕ ਨਗਰ ਨੇੜੇ ਰੋਸ਼ਨ ਸਿੰਘ ਭੱਠਾ ਨਾਂ ਦੇ ਉਕਤ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੇ ਸਾਈਕਲ 'ਤੇ ਘਰ ਜਾਣ ਲਈ ਦਫਤਰ ਤੋਂ ਨਿਕਲਿਆ, ਜਿਵੇਂ ਹੀ ਉਹ ਵਿਧਾਇਕ ਹੈਨਰੀ ਦੇ ਪੈਟਰੋਲ ਪੰਪ ਦੇ ਨੇੜੇ ਪਹੁੰਚਿਆ ਤਾਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਆਪਣੀ ਐਕਟਿਵਾ ਉਸ ਦੇ ਅੱਗੇ ਲਾ ਦਿੱਤੀ ਅਤੇ ਉਸ ਨੂੰ ਧਮਕਾਉਂਦੇ ਹੋਏ ਉਸ ਦੀ ਜੇਬ ਵਿਚੋਂ 300 ਰੁਪਏ ਕੱਢ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਸ ਦੇ ਪਿੱਛੇ ਆ ਰਹੇ ਉਸ ਦੇ ਦਫਤਰ ਦੇ ਕੁਝ ਹੋਰ ਮੁਲਾਜ਼ਮਾਂ ਦੀ ਮਦਦ ਨਾਲ ਉਹ ਆਪਣੀ ਸ਼ਿਕਾਇਤ ਦੇਣ ਪੁਲਸ ਸਟੇਸ਼ਨ ਡਵੀਜ਼ਨ ਨੰਬਰ 3 ਵਿਚ ਪਹੁੰਚਿਆ ਪਰ ਪੁਲਸ ਮੁਲਾਜ਼ਮਾਂ ਨੇ ਗੇਟ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਉਸ ਨੇ ਆਪਣੇ ਦਫਤਰ ਆ ਕੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਦੀ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਨਹੀਂ ਹੋਈ ਹੈ। 60 ਸਾਲਾ ਮਨੋਹਰ ਲਾਲ ਦਾ ਕਹਿਣਾ ਸੀ ਕਿ ਉਹ ਅਕਸਰ ਰਾਤ ਸਮੇਂ ਆਪਣੇ ਘਰ ਸਾਈਕਲ 'ਤੇ ਜਾਂਦੇ ਹਨ। ਅਜਿਹੇ ਵਿਚ ਲੁਟੇਰੇ ਉਸ ਨੂੰ ਦੁਬਾਰਾ ਫਿਰ ਆਪਣਾ ਸ਼ਿਕਾਰ ਬਣਾ ਸਕਦੇ ਹਨ।