ਸ਼ਾਤਰ ਜਨਾਨੀਆਂ ਦੀ ਕਰਤੂਤ ਜਾਣ ''ਬਜ਼ੁਰਗ ਬੇਬੇ'' ਨੇ ਦਿਖਾਈ ਦਲੇਰੀ, ਚੱਲਦੀ ਕਾਰ ''ਚੋਂ ਮਾਰੀ ਛਾਲ

Monday, Nov 23, 2020 - 11:59 AM (IST)

ਸ਼ਾਤਰ ਜਨਾਨੀਆਂ ਦੀ ਕਰਤੂਤ ਜਾਣ ''ਬਜ਼ੁਰਗ ਬੇਬੇ'' ਨੇ ਦਿਖਾਈ ਦਲੇਰੀ, ਚੱਲਦੀ ਕਾਰ ''ਚੋਂ ਮਾਰੀ ਛਾਲ

ਸਮਰਾਲਾ (ਵਿਪਨ) : ਸਮਰਾਲਾ ਹਲਕੇ 'ਚ ਜਨਾਨੀਆਂ ਦੇ ਗਹਿਣੇ ਲਾਹੁਣ ਵਾਲਾ ਗਿਰੋਹ ਸਰਗਰਮ ਹੈ। ਇਸ ਦੇ ਮੱਦੇਨਜ਼ਰ ਹੀ ਇੱਥੇ ਇਕ ਬਜ਼ੁਰਗ ਬੇਬੇ ਨਾਲ ਵੀ ਲੁੱਟ ਦੀ ਵਾਰਦਾਤ ਵਾਪਰੀ ਪਰ ਬੇਬੇ ਦੀ ਦਲੇਰੀ ਕਾਰਨ ਉਸ ਨੇ ਕਿਸੇ ਹੱਦ ਤੱਕ ਆਪਣਾ ਬਚਾਅ ਕਰ ਹੀ ਲਿਆ। ਜਾਣਕਾਰੀ ਮੁਤਾਬਕ ਇਕ 65 ਸਾਲਾਂ ਦੇ ਕਰੀਬ ਬਜ਼ੁਰਗ ਬੇਬੇ ਗੁਰਦੇਵ ਕੌਰ ਆਪਣੇ ਪੇਕੇ ਪਿੰਡ ਘੁੰਗਰਾਲੀ ਤੋਂ ਵਾਪਸ ਆ ਕੇ ਮੰਡੀ ਗੋਬਿੰਦਗੜ੍ਹ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਰੈਂਕ ਵਾਲੇ ਅਧਿਕਾਰੀਆਂ ਨੂੰ ਨਹੀਂ ਮਿਲੇਗੀ 'ਇਨੋਵਾ ਗੱਡੀ'

ਇਸ ਦੌਰਾਨ ਇਕ ਕਾਰ 'ਚ ਸਵਾਰ ਤਿੰਨ ਜਨਾਨੀਆਂ ਆਈਆਂ ਅਤੇ ਬੇਬੇ ਨੂੰ ਇਹ ਕਹਿ ਕੇ ਕਾਰ 'ਚ ਬਿਠਾ ਲਿਆ ਕਿ ਉਨ੍ਹਾਂ ਨੇ ਵੀ ਮੰਡੀ ਗੋਬਿੰਦਗੜ੍ਹ ਹੀ ਜਾਣਾ ਹੈ। ਕਾਰ 'ਚ ਬੈਠਦਿਆਂ ਹੀ ਪੀੜਤ ਬਜ਼ੁਰਗ ਬੇਬੇ ਨੂੰ ਇਹ ਪਤਾ ਵੀ ਨਹੀਂ ਲੱਗਿਆ ਕਿ ਉਕਤ ਜਨਾਨੀਆਂ ਨੇ ਕਦੋਂ ਉਸ ਦੇ ਇਕ ਕੰਨ 'ਚੋਂ ਬਾਲੀ ਉਤਾਰ ਲਈ। ਜਦੋਂ ਲੁਟੇਰਾ ਗਿਰੋਹ ਦੀਆਂ ਇਹ ਜਨਾਨੀਆਂ ਉਸ ਦੇ ਦੂਜੇ ਕੰਨ 'ਚੋਂ ਬਾਲੀ ਉਤਾਰਨ ਲੱਗੀਆਂ ਤਾਂ ਬਜ਼ੁਰਗ ਨੂੰ  ਉਨ੍ਹਾਂ ਦੀ ਕਰਤੂਤ ਸਮਝ ਆ ਗਈ, ਜਿਸ ਤੋਂ ਬਾਅਦ ਬੇਬੇ ਨੇ ਦਲੇਰੀ ਦਿਖਾਉਂਦੇ ਹੋਏ ਨੇੜਲੇ ਪਿੰਡ ਉਟਾਲਾਂ ਦੇ ਨਜ਼ਦੀਕ ਅਚਾਨਕ ਕਾਰ ਦੀ ਤਾਕੀ ਖੋਲ੍ਹ ਕੇ ਚੱਲਦੀ ਕਾਰ 'ਚੋਂ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੜ ਦੌੜਨਗੀਆਂ 'ਰੇਲਾਂ', ਰੇਲ ਮੰਤਰੀ ਨੇ ਕੀਤਾ ਟਵੀਟ

ਪੀੜਤ ਬੇਬੇ ਨੇ ਦੱਸਿਆ ਕਿ ਸਫੈਦ ਰੰਗ ਦੀ ਕਾਰ 'ਚ 3 ਜਨਾਨੀਆਂ ਤੇ ਇਕ ਕਾਰ ਚਾਲਕ ਸਵਾਰ ਸੀ, ਜਿਨ੍ਹਾਂ ਨੇ ਮਾਸਕ ਪਹਿਨੇ ਹੋਏ ਸਨ। ਭਾਵੇਂ ਬਜ਼ੁਰਗ ਬੇਬੇ ਦੀ ਦਲੇਰੀ ਕਾਰਨ ਉਸ ਦੀ ਦੂਜੀ ਵਾਲੀ   ਲੁੱਟਣ ਤੋਂ ਬਚਾਅ ਹੋ ਗਿਆ ਪਰ ਫਿਰ ਵੀ ਇਹ ਗਿਰੋਹ ਉਸ ਦੀ ਇੱਕ ਬਾਲੀ ਲਾਹ ਕੇ ਫਰਾਰ ਹੋਣ  'ਚ ਸਫ਼ਲ ਹੋ ਗਿਆ।

ਇਹ ਵੀ ਪੜ੍ਹੋ : ਚੰਗੀ ਖ਼ਬਰ : GMCH ਹਸਪਤਾਲ 'ਚ ਸਰਜਰੀ, ਓ. ਪੀ. ਡੀ. ਸਮੇਤ ਗਾਇਨੀ ਸੇਵਾਵਾਂ ਅੱਜ ਤੋਂ ਸ਼ੁਰੂ

ਜ਼ਿਕਰਯੋਗ ਹੈ ਕਿ ਜਨਾਨੀਆਂ ਦੇ ਗਹਿਣੇ ਲਾਹੁਣ ਵਾਲਾ ਇਹ ਗਿਰੋਹ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਹਲਕੇ 'ਚ ਅਜਿਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦਾ ਰਹਿੰਦਾ ਹੈ ਪਰ ਇਸ ਗਿਰੋਹ ਨੂੰ ਕਾਬੂ ਕਰਨ 'ਚ ਪੁਲਸ ਹਮੇਸ਼ਾ ਨਾਕਾਮ ਹੀ ਰਹੀ ਹੈ। ਬਿਨਾ ਨੰਬਰ ਤੋਂ ਇਹ ਸਵਿੱਫਟ ਕਾਰ ਸਮਰਾਲਾ 'ਚ ਘੁੰਮਦੀ ਰਹੀ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਪੁਲਸ ਵਾਰਦਾਤ ਤੋਂ ਬਾਅਦ ਅਜੇ ਤੱਕ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ 'ਚ ਲੱਗੀ ਹੋਈ ਹੈ।

 


 


author

Babita

Content Editor

Related News