ਈ-ਰਿਕਸ਼ਾ ਚਾਲਕ ਨੇ ਸਾਥੀ ਨਾਲ ਮਿਲ ਪਰਵਾਸੀਆਂ ਨੂੰ ਲੁੱਟਿਆ, ਪੁਲਸ ਨੇ ਕੀਤਾ ਗ੍ਰਿਫ਼ਤਾਰ

Wednesday, Jul 19, 2023 - 01:48 PM (IST)

ਈ-ਰਿਕਸ਼ਾ ਚਾਲਕ ਨੇ ਸਾਥੀ ਨਾਲ ਮਿਲ ਪਰਵਾਸੀਆਂ ਨੂੰ ਲੁੱਟਿਆ, ਪੁਲਸ ਨੇ ਕੀਤਾ ਗ੍ਰਿਫ਼ਤਾਰ

ਲੁਧਿਆਣਾ (ਤਰੁਣ) : ਸਮਰਾਲਾ ਚੌਂਕ ਨੇੜੇ ਈ-ਰਿਕਸ਼ਾ ਚਾਲਕ ਨੇ ਆਪਣੇ ਸਾਥੀ ਨਾਲ ਮਿਲ ਕੇ 2 ਪਰਵਾਸੀਆਂ ਨੂੰ ਲੁੱਟ ਲਿਆ ਅਤੇ ਜੰਮ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਹ ਵਾਰਦਾਤ ਸਮਰਾਲਾ ਚੌਂਕ ਕੱਟ ਨੇੜੇ ਵਾਪਰੀ। ਲੋਕਾਂ ਦੇ ਇਕੱਠੇ ਹੋਣ 'ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਨੇ ਇਸ ਮਾਮਲੇ ਦੀ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ 2 ਦਿਨ ਦੀ ਭਾਲ ਤੋਂ ਬਾਅਦ 18 ਜੁਲਾਈ ਦੀ ਰਾਤ ਨੂੰ ਦੋਸ਼ੀਆਂ ਨੂੰ ਕਾਬੂ ਕਰ ਲਿਆ।

ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਹੈਪੀ ਵਾਸੀ ਬਾਬਾ ਨਾਮ ਦੇਵ ਕਾਲੋਨੀ ਟਿੱਬਾ ਰੋਡ ਅਤੇ ਵਿਸ਼ਾਲ ਕੁਮਾਰ ਵਾਸੀ ਗੁਲਾਬੀ ਬਾਗ ਟਿੱਬਾ ਰੋਡ ਦੇ ਤੌਰ 'ਤੇ ਹੋਈ ਹੈ। ਥਾਣਾ ਪ੍ਰਭਾਰੀ ਸੰਜੀਵ ਕਪੂਰ ਨੇ ਦੱਸਿਆ ਕਿ ਬੀਤੀ ਰਾਤ ਪੀੜਤ ਪੁਨੀਤ ਆਪਣੇ ਮਾਮੇ ਨਾਲ ਗਿੱਲ ਚੌਂਕ ਤੋਂ ਇਕ ਈ-ਰਿਕਸ਼ਾ 'ਚ ਕੈਲਾਸ਼ ਨਗਰ ਬਸਤੀ ਜੋਧੇਵਾਲ ਵੱਲ ਜਾ ਰਿਹਾ ਸੀ। ਈ-ਰਿਕਸ਼ਾ 'ਚ ਚਾਲਕ ਨਾਲ ਉਸ ਦਾ ਸਾਥੀ ਵੀ ਬੈਠਾ ਸੀ।

ਤਾਜਪੁਰ ਕੱਟ ਨੇੜੇ ਹਨ੍ਹੇਰੇ 'ਚ ਦੋਸ਼ੀਆਂ ਨੇ ਰਿਕਸ਼ਾ ਰੋਕਿਆ ਅਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਪੁਨੀਤ ਅਤੇ ਉਸ ਦੇ ਮਾਮੇ ਨਾਲ ਕੁੱਟਮਾਰ ਕਰਕੇ ਨਕਦੀ, ਮੋਬਾਇਲ ਅਤੇ ਹੋਰ ਸਮਾਨ ਖੋਹ ਲਿਆ। ਦੋਸ਼ੀਆਂ ਦੀ ਪੁਨੀਤ ਦੀ ਧੌਣ 'ਤੇ ਹਥਿਆਰ ਰੱਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਦਾਲਤ 'ਚ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
 


author

Babita

Content Editor

Related News