ਨੇਪਾਲੀ ਨੌਕਰ ਦਾ ਕਾਰਨਾਮਾ : ਡੇਅਰੀ ਮਾਲਕ ਦੇ ਘਰੋਂ ਲਾਇਸੈਂਸੀ ਰਿਵਾਲਵਰ, ਕਾਰਤੂਸ ਤੇ ਗਹਿਣੇ ਲੈ ਕੇ ਫ਼ਰਾਰ

Thursday, Nov 24, 2022 - 12:29 PM (IST)

ਨੇਪਾਲੀ ਨੌਕਰ ਦਾ ਕਾਰਨਾਮਾ : ਡੇਅਰੀ ਮਾਲਕ ਦੇ ਘਰੋਂ ਲਾਇਸੈਂਸੀ ਰਿਵਾਲਵਰ, ਕਾਰਤੂਸ ਤੇ ਗਹਿਣੇ ਲੈ ਕੇ ਫ਼ਰਾਰ

ਲੁਧਿਆਣਾ (ਰਾਜ) : ਸ਼ਹਿਰ ’ਚ ਨੇਪਾਲੀ ਨੌਕਰਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਲੋਕ ਵੀ ਬਿਨਾਂ ਪੁਲਸ ਵੈਰੀਫਿਕੇਸ਼ਨ ਦੇ ਨੌਕਰ ਰੱਖਣ ਤੋਂ ਬਾਜ਼ ਨਹੀਂ ਆ ਰਹੇ। ਅਜਿਹੇ ’ਚ 2 ਮਹੀਨੇ ਪਹਿਲਾਂ ਰੱਖੇ ਨੇਪਾਲੀ ਨੌਕਰ ਨੇ ਆਪਣੇ ਸਾਥੀ ਨਾਲ ਮਿਲ ਕੇ ਡੇਅਰੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੇ ਘਰੋਂ ਲਾਇਸੈਂਸੀ ਰਿਵਾਲਵਰ, 25 ਜ਼ਿੰਦਾ ਕਾਰਤੂਸ, ਢਾਈ ਲੱਖ ਰੁਪਏ ਦੀ ਨਕਦੀ, ਸੋਨੇ ਦੇ 2 ਸੈੱਟ, ਡਾਇਮੰਡ ਦੇ 2 ਝੁਮਕੇ, ਸੋਨੇ ਦੀਆਂ 4 ਅੰਗੂਠੀਆਂ, ਸੋਨੇ ਦੇ 3 ਜੋੜੇ ਝੁਮਕੇ ਚੋਰੀ ਕਰ ਲਏ। ਘਟਨਾ ਸਮੇਂ ਕਾਰੋਬਾਰੀ ਪਰਿਵਾਰ ਨਾਲ ਸ਼ਿਮਲਾ ਰਿਸ਼ਤੇਦਾਰੀ ’ਚ ਵਿਆਹ ਸਮਾਰੋਹ ’ਚ ਗਿਆ ਹੋਇਆ ਸੀ।

ਜਦੋਂ ਚੌਂਕੀਦਾਰ ਆਇਆ ਤਾਂ ਉਸ ਨੂੰ ਘਟਨਾ ਦਾ ਪਤਾ ਲੱਗਾ ਅਤੇ ਉਸ ਨੇ ਮਾਲਕ ਨੂੰ ਦੱਸਿਆ। ਸੂਚਨਾ ਮਿਲਦੇ ਹੀ ਕਾਰੋਬਾਰੀ ਪਰਿਵਾਰ ਸਮੇਤ ਵਾਪਸ ਪਰਤ ਆਇਆ ਅਤੇ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਪੀ. ਏ. ਯੂ. ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਮਲਜ਼ਮ ਨੇਪਾਲੀ ਨੌਕਰ ਬਾਜੀ ਸਿੰਘ ਅਤੇ ਉਸ ਦੇ ਸਾਥੀ ਗਣੇਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵੇਂ ਹੀ ਮੁਲਜ਼ਮ ਬਹੁਤ ਸ਼ਾਤਰ ਹਨ। ਕਾਰੋਬਾਰੀ ਨੇ ਘਰ ’ਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਹੋਏ ਸਨ। ਮੁਲਜ਼ਮ ਘਰੋਂ ਸਮਾਨ ਚੋਰੀ ਕਰਨ ਤੋਂ ਬਾਅਦ ਡੀ. ਵੀ. ਆਰ. ਵੀ ਉਤਾਰ ਕੇ ਲੈ ਗਏ ਤਾਂ ਕਿ ਉਨ੍ਹਾਂ ਬਾਰੇ ਕੁੱਝ ਪਤਾ ਨਾ ਲੱਗ ਸਕੇ। ਹੁਣ ਪੁਲਸ ਆਸ-ਪਾਸ ਦੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ।
 


author

Babita

Content Editor

Related News