ਪੈਟਰੋਲ ਪੰਪਾਂ ''ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

Friday, Nov 26, 2021 - 10:03 AM (IST)

ਪੈਟਰੋਲ ਪੰਪਾਂ ''ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

ਪਟਿਆਲਾ (ਬਲਜਿੰਦਰ, ਜੋਸਨ) : ਥਾਣਾ ਸ਼ੰਭੂ ਦੀ ਪੁਲਸ ਨੇ ਪੈਟਰੋਲ ਪੰਪਾਂ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਸ. ਐੱਚ. ਓ. ਕ੍ਰਿਪਾਲ ਸਿੰਘ ਮੋਹੀ ਦੀ ਅਗਵਾਈ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ 2 ਕਾਰਾਂ, ਨਕਦੀ ਅਤੇ ਹਥਿਆਰ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 18-19 ਨਵੰਬਰ ਦੀ ਦਰਮਿਆਨੀ ਰਾਤ ਨੂੰ 4 ਅਣਪਛਾਤੇ ਕਾਰ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ 2 ਪੈਟਰੋਲ ਪੰਪਾਂ ਤੇਪਲਾ ਥਾਣਾ ਸ਼ੰਭੂ ਅਤੇ ਸਿਟੀ ਰਾਜਪੁਰਾ ਤੋਂ ਨਕਦੀ ਦੀ ਖੋਹ ਕੀਤੀ ਸੀ। ਇਸ ਨੂੰ ਪਟਿਆਲਾ ਪੁਲਸ ਨੇ 3-4 ਦਿਨਾਂ ’ਚ ਹੀ ਟਰੇਸ ਕਰਦੇ ਹੋਏ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ’ਚ ਬਹਾਦਰ ਸਿੰਘ ਉਰਫ਼ ਡੋਨ ਪੁੱਤਰ ਧਰਮਪਾਲ, ਗੁਰਵਿੰਦਰ ਸਿੰਘ ਉਰਫ਼ ਗੁਰਮਿੰਦਰ ਸਿੰਘ ਪੁੱਤਰ ਜੈ ਸਿੰਘ ਵਾਸੀਆਨ ਪਿੰਡ ਘੜਾਮਾ ਖੁਰਦ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਅਤੇ ਅਮਨਦੀਪ ਸਿੰਘ ਉਰਫ਼ ਲਾਡੀ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਖਲੌਰ ਥਾਣਾ ਬਨੂੜ ਜ਼ਿਲ੍ਹਾ ਮੋਹਾਲੀ ਸ਼ਾਮਲ ਹਨ।

ਇਹ ਵੀ ਪੜ੍ਹੋ : ਰਿਸ਼ਤੇ ਦੀਆਂ ਹੱਦਾਂ ਟੱਪਦਿਆਂ ਪਿਓ ਨੇ ਗੋਦ ਲਈ ਧੀ ਨੂੰ ਕੀਤਾ ਗਰਭਵਤੀ, ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ 4 ਕਾਰ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰਾਣਾ ਫਿਲਿੰਗ ਸਟੇਸ਼ਨ ਤੋਂ 8000 ਰੁਪਏ ਅਤੇ ਮਦਨ ਲਾਲ ਐਂਡ ਸੰਨਜ ਪੈਟਰੋਲ ਪੰਪ ਸਿਟੀ ਰਾਜਪੁਰਾ ਤੋਂ 8350 ਰੁਪਏ ਦੀ ਖੋਹ ਕੀਤੀ ਸੀ। ਇਸ ਮਾਮਲੇ ’ਚ ਥਾਣਾ ਸ਼ੰਭੂ ਅਤੇ ਰਾਜਪੁਰਾ ਵਿਖੇ ਕੇਸ ਦਰਜ ਕਰ ਕੇ ਇਨ੍ਹਾਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਡੀ. ਐੱਸ. ਪੀ. ਜਸਵਿੰਦਰ ਸਿੰਘ ਅਤੇ ਐੱਸ. ਐੱਚ. ਓ. ਇੰਸਪੈਕਟਰ ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਟੀਮਾਂ ਤਿਆਰ ਕਰ ਕੇ ਵਾਰਦਾਤ ਕਰਨ ਵਾਲਿਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ। ਪੁਲਸ ਵੱਲੋਂ ਜਦੋਂ ਭਾਲ ਜਾਰੀ ਹੋਈ ਸੀ ਤਾਂ ਪੁਲਸ ਪਾਰਟੀ ਨੇ ਪਿੰਡ ਮਹਿਮਦਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਉੱਥੇ ਹੀ ਉਨ੍ਹਾਂ ਨੇ ਡਿਜ਼ਾਇਰ ਕਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ’ਚੋਂ 4 ਅਣਪਛਾਤੇ ਵਿਅਕਤੀ ਉਤਰ ਕੇ ਭੱਜਣ ’ਚ ਸਫ਼ਲ ਰਹੇ। ਪੁਲਸ ਨੇ ਫਿਰ ਉਨ੍ਹਾਂ ਦੀ ਤਕਨੀਕੀ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ ਤਾਂ ਬੈਰੀਅਰ ਮਹਿਮਦਪੁਰ ਵਿਖੇ ਨਾਕਾਬੰਦੀ ਦੌਰਾਨ ਤਿੰਨਾਂ ਨੂੰ ਕਾਰ ’ਚੋਂ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਭਾਜਪਾ ਤੇ RSS ਆਗੂਆਂ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਖ਼ੁਫ਼ੀਆ ਏਜੰਸੀਆਂ ਅਲਰਟ

ਪੁੱਛਗਿੱਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਉਕਤ ਵਾਰਦਾਤਾਂ ਇਨ੍ਹਾਂ ਵੱਲੋਂ ਆਪਣੇ ਸਾਥੀ ਰਣਜੀਤ ਸਿੰਘ ਉਰਫ਼ ਸੁੱਟੀ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਸਿੱਧੂਵਾਲ ਜ਼ਿਲ੍ਹਾ ਪਟਿਆਲਾ ਨਾਲ ਮਿਲ ਕੇ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਉਕਤ ਕੇਸ ’ਚ ਰਣਜੀਤ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ, ਜਿਸ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਗ੍ਰਿਫ਼ਤਾਰ ਵਿਅਕਤੀਆਂ ਤੋਂ ਇਕ ਪਿਸਤੌਲ ਦੇਸੀ ਕੱਟਾ 315 ਬੋਰ ਸਮੇਤ 2 ਜ਼ਿੰਦਾ ਕਾਰਤੂਸ 315 ਬੋਰ, ਇਕ ਨਕਲੀ ਪਿਸਟਲ ਰੰਗ ਕਾਲਾ ਜੋ ਦੇਖਣ ’ਚ ਅਸਲੀ ਲੱਗਦੀ ਹੈ, ਇਕ ਦਾਤ ਲੋਹਾ ਜਿਸ ਨੂੰ ਲੱਕੜ ਦਾ ਮੁੱਠਾ ਲੱਗਾ ਹੋਇਆ ਹੈ, 5000 ਰੁਪਏ ਦੇ ਕਰੰਸੀ ਨੋਟ, ਇਕ ਐੱਲ. ਈ. ਡੀ. ਅਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ। ਗ੍ਰਿਫ਼ਤਾਰ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਆਸ-ਪਾਸ ਦੇ ਏਰੀਆ ’ਚ ਵੀ ਵਾਰਦਾਤਾਂ ਕਰਦੇ ਹੋਏ ਕਈ ਕਾਰਾਂ ਦੀ ਖੋਹ ਕੀਤੀ ਗਈ ਹੈ। ਇਸ ਸਬੰਧੀ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਚੋਰੀ, ਡਕੈਤੀ ਅਤੇ ਅਸਲਾ ਐਕਟ ਤਹਿਤ ਕਈ ਮੁਕੱਦਮੇ ਦਰਜ ਹਨ। ਇਸ ਮੌਕੇ ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਅਤੇ ਥਾਣਾ ਸ਼ੰਭੂ ਦੇ ਐੱਸ. ਐੱਚ. ਓ. ਕ੍ਰਿਪਾਲ ਸਿੰਘ ਮੋਹੀ ਵੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News