ਲੌਂਗੋਵਾਲ ਵੈਨ ਹਾਦਸਾ : ਇਸ ਵਿਦਿਆਰਥਣ ਦੀ ਸਮਝਦਾਰੀ ਨੇ ਬਚਾਈ 4 ਮਾਸੂਮਾਂ ਦੀ ਜਾਨ
Sunday, Feb 16, 2020 - 04:41 PM (IST)
ਲੌਂਗੋਵਾਲ (ਵਸ਼ਿਸ਼ਟ) : ਲੌਂਗੋਵਾਲ ਵਿਖੇ ਬੀਤੇ ਦਿਨ ਪ੍ਰਾਈਵੇਟ ਸਕੂਲ ਦੀ ਖਸਤਾ ਹਾਲਤ ਵੈਨ ਨੂੰ ਅੱਗ ਲੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿਚ 4 ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਵੈਨ ਵਿਚ ਸਵਾਰ ਇਕ 9ਵੀਂ ਕਲਾਸ ਦੀ ਵਿਦਿਆਰਥਣ ਨੇ 4 ਬੱਚਿਆਂ ਨੂੰ ਆਪਣੀ ਦਲੇਰੀ ਅਤੇ ਹਿੰਮਤ ਨਾਲ ਬਚਾ ਲਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਵੈਨ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਤਾਂ ਉਸ ਨੇ ਵੈਨ ਦੀ ਖਿੜ੍ਹਕੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਖਿੜ੍ਹਕੀ ਨਹੀਂ ਸੀ ਖੁੱਲ੍ਹ ਰਹੀ, ਜਿਸ ਤੋਂ ਬਾਅਦ ਉਸ ਨੇ ਅੰਦਰ ਪਈ ਲੋਹੇ ਦੀ ਰਾਡ ਨਾਲ ਸ਼ੀਸ਼ਾ ਤੋੜਿਆ ਅਤੇ ਬਾਹਰ ਨਿਕਲੀ। ਫਿਰ ਉਸ ਨੇ ਹਿੰਮਤ ਦਿਖਾਉਂਦੇ ਹੋਏ 4 ਬੱਚਿਆਂ ਨੂੰ ਬਲਦੀ ਵੈਨ ਵਿਚੋਂ ਬਾਹਰ ਕੱਢਿਆ। ਇਸ ਦੌਰਾਨ ਹੀ ਨੇੜਲੇ ਖੇਤਾਂ ਵਿਚ ਕੰਮ ਕਰ ਰਹੇ ਲੋਕ ਅਤੇ ਰਾਹਗੀਰ ਮਦਦ ਲਈ ਆ ਗਏ, ਜਿਨ੍ਹਾਂ ਨੇ ਬਾਕੀ ਬੱਚਿਆਂ ਨੂੰ ਜਿਊਂਦਾ ਬਾਹਰ ਕੱਢਿਆ ਪਰ ਅਫਸੋਸ ਦੀ ਗੱਲ ਇਹ ਰਹੀ ਕਿ ਵੈਨ ਦੀ ਵਿਚਕਾਰਲੀ ਸੀਟ 'ਤੇ ਬੈਠੇ 4 ਮਾਸੂਮ ਬੱਚਿਆਂ ਨੂੰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ। ਪੀੜਤ ਪਰਿਵਾਰ ਦੇ ਘਰ ਇਕੱਠੇ ਹੋਏ ਲੋਕਾਂ ਨੇ ਇਸ ਬੱਚੀ ਦੀ ਦਲੇਰੀ ਦੀ ਪ੍ਰਸ਼ੰਸਾ ਕਰਦਿਆਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਬੱਚੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਵਰਣਨਯੋਗ ਹੈ ਕਿ ਇਸ ਬੱਚੀ ਨੂੰ ਕੱਲ ਵੀ ਪੱਤਰਕਾਰਾਂ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਦਮੇ ਕਾਰਨ ਇਹ ਬੱਚੀ ਕੁਝ ਨਾ ਬੋਲ ਸਕੀ।