ਕੋਰੋਨਾ ਲੜਾਈ 'ਚ ਅਹਿਮ ਭੂਮਿਕਾ ਨਿਭਾ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਧੰਨਵਾਦ : ਲੌਂਗੋਵਾਲ

04/13/2020 8:55:46 PM

ਤਲਵੰਡੀ ਸਾਬੋ, (ਮੁਨੀਸ਼)- ਕੋਰੋਨਾ ਮਹਾਮਾਰੀ ਖਿਲਾਫ ਲਡ਼ਾਈ ’ਚ ਕਿਸੇ ਨਾ ਕਿਸੇ ਤਰੀਕੇ ਭੂਮਿਕਾ ਨਿਭਾ ਰਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਡ਼ਵੰਦਾਂ ਲਈ ਚਲਾਏ ਜਾ ਰਹੇ ਲੰਗਰਾਂ ਲਈ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢਣ। ਅੱਜ ਇੱਥੇ ਵਿਸਾਖੀ ਸਮਾਗਮਾਂ ’ਚ ਸ਼ਿਰਕਤ ਕਰਨ ਲਈ ਪੁੱਜੇ ਭਾਈ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਿੱਥੇ ਕੋਰੋਨਾ ਕਾਰਣ ਲਾਏ ਕਰਫਿਊ ’ਚ ਗਰੀਬ ਅਤੇ ਲੋਡ਼ਵੰਦ ਲੋਕਾਂ ਨੂੰ ਦਿਨ-ਰਾਤ ਘਰਾਂ ਤੱਕ ਪੁੱਜ ਕੇ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਦਵਾਈਆਂ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜੋ ਮੁਲਾਜ਼ਮ ਲੋਡ਼ਵੰਦਾਂ ਤੱਕ ਲੰਗਰ ਪਹੁੰਚਾ ਰਹੇ ਹਨ ਅਤੇ ਸਰਾਵਾਂ ’ਚ ਬਣੀਆਂ ਕੋਰੋਨਾ ਆਈਸੋਲੇਸ਼ਨ ਸੈਂਟਰਾਂ ’ਚ ਡਿਊਟੀ ਨਿਭਾ ਰਹੇ ਹਨ, ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਪ੍ਰਧਾਨ ਲੌਂਗੋਵਾਲ ਨੇ ਇਸ ਮੌਕੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ਕਾਰਣ ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਲੰਗਰਾਂ ’ਚ ਹਿੱਸਾ ਪਾਉਣ ਲਈ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢਣ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੁਣ ਕਣਕ ਦੀ ਵਾਢੀ ਉਪਰੰਤ ਲੰਗਰਾਂ ਲਈ ਯੋਗ ਮਦਦ ਦੇਣ ਤਾਂ ਕਿ ਲੋਡ਼ਵੰਦਾਂ ਦੀ ਮਦਦ ਜਾਰੀ ਰੱਖੀ ਜਾ ਸਕੇ । ਇਸ ਮੌਕੇ ਭਾਈ ਜਗਸੀਰ ਸਿੰਘ ਮਾਂਗੇਆਣਾ ਅੰਤ੍ਰਿੰਗ ਮੈਂਬਰ, ਭਾਈ ਮੋਹਣ ਸਿੰਘ ਬੰਗੀ, ਭਾਈ ਗੁਰਪ੍ਰੀਤ ਸਿੰਘ ਝੱਬਰ, ਜਥੇ. ਗੁਰਤੇਜ ਸਿੰਘ ਢੱਡੇ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਜਸਪਾਲ ਸਿੰਘ ਨਿੱਜੀ ਸਹਾਇਕ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਦਰਸ਼ਨ ਸਿੰਘ ਨਿੱਜੀ ਸਹਾਇਕ ਪ੍ਰਧਾਨ ਸ਼੍ਰੋ. ਕਮੇਟੀ, ਭਾਈ ਪਰਮਜੀਤ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ ਆਦਿ ਹਾਜ਼ਰ ਸਨ।


Bharat Thapa

Content Editor

Related News