ਕਲਯੁੱਗੀ ਪਤਨੀ ਦੀ ਦਰਿੰਦਗੀ, ਪ੍ਰੇਮੀ ਨਾਲ ਮਿਲ ਉਜਾੜਿਆ ਆਪਣਾ ਸੁਹਾਗ
Saturday, Nov 07, 2020 - 10:19 AM (IST)
ਲੌਂਗੋਵਾਲ (ਵਿਜੇ): ਲੰਘੀ ਰਾਤ ਪਿੰਡੀ ਢਿੱਲਵਾ ਵਿਖੇ ਇਕ ਜਨਾਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਲੌਂਗੋਵਾਲ ਦੇ ਕਾਰਜਕਾਰੀ ਮੁਖੀ ਰਾਮ ਸਿੰਘ ਨੇ ਦੱਸਿਆ ਕਿ ਇਥੋਂ ਦੀ ਪਿੰਡੀ ਢਿੱਲਵਾ ਦੇ ਨਿਵਾਸੀ ਸਤਵੀਰ ਸਿੰਘ ਪੁੱਤਰ ਹਰਦਿਆਲ ਸਿੰਘ ਦਾ ਲੰਘੀ ਰਾਤ ਕਤਲ ਹੋ ਜਾਣ ਸਬੰਧੀ ਜਾਣਕਾਰੀ ਅੱਜ ਸਵੇਰ ਸਮੇਂ ਮਿਲੀ ਸੀ। ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਸਮੇਤ ਥਾਣਾ ਲੌਂਗੋਵਾਲ ਦੀ ਪੁਲਸ ਪਾਰਟੀ ਨੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ ਗਿਆ।
ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਸਿੱਖ ਨੇ ਖ਼ਰੀਦਿਆ ਸੋਨੀਆ ਗਾਂਧੀ ਦਾ ਜੱਦੀ ਘਰ
ਇਸ ਕਤਲ ਦੇ ਸਬੰਧ 'ਚ ਮ੍ਰਿਤਕ ਦੀ ਭੈਣ ਹਰਪ੍ਰੀਤ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਜੰਡਿਆਲਾ ਮੰਜਕੀ (ਜਲੰਧਰ) ਵਲੋਂ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਮੇਰੀ ਭਰਜਾਈ ਵੀਰਪਾਲ ਕੌਰ ਦੇ ਪਿੰਡੀ ਢਿੱਲਵਾ ਦੇ ਨਿਵਾਸੀ ਰਜਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਹਰਵਿੰਦਰ ਸਿੰਘ ਦੇ ਨਾਲ ਨਾਜਾਇਜ਼ ਸਬੰਧ ਸਨ ਤੇ ਮੇਰਾ ਭਰਾ ਉਸਦਾ ਵਿਰੋਧ ਕਰਦਾ ਸੀ ਜਦੋਂਕਿ ਭਰਜਾਈ ਨੂੰ ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆ ਰਹੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਲੰਘੀ ਰਾਤ ਮੇਰੀ ਭਰਜਾਈ ਅਤੇ ਤਿੰਨ ਹੋਰ ਨਕਾਬਪੋਸ਼ ਵਿਅਕਤੀਆਂ ਨੇ ਸਾਡੇ ਘਰ 'ਚ ਆ ਕੇ ਮੇਰੇ ਭਰਾ ਦਾ ਕਤਲ ਕਰਨ ਦੇ ਮਨੋਰਥ ਨਾਲ ਮਾਰ-ਕੁੱਟ ਕਰ ਦਿੱਤੀ। ਮੇਰੇ ਭਰਾ ਦੀ ਕੀਤੀ ਕੁੱਟ-ਮਾਰ ਦੌਰਾਨ ਜਦੋਂ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਘਰ ਵਿਚਲੇ ਦੂਜੇ ਕਮਰੇ 'ਚ ਪਈ ਮੇਰੀ ਬਜ਼ੁਰਗ ਮਾਤਾ ਨੇ ਇਨ੍ਹਾਂ ਵਿਅਕਤੀਆਂ ਨੂੰ ਘਰ 'ਚੋਂ ਭੱਜਦੇ ਵੇਖ ਲਿਆ ਸੀ। ਮੇਰੀ ਮਾਤਾ ਨੇ ਇਸ ਸਬੰਧੀ ਮੈਨੂੰ ਟੈਲੀਫ਼ੋਨ 'ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਮੈਂ ਤੁਰੰਤ ਆਪਣੇ ਸਹੁਰੇ ਪਿੰਡ ਤੋਂ ਚੱਲ ਪਈ। ਇਸ ਦੌਰਾਨ ਮੇਰੀ ਬਜ਼ੁਰਗ ਮਾਤਾ ਗੁਆਢੀਆਂ ਨੂੰ ਨਾਲ ਲੈ ਕੇ ਉਸਦਾ ਇਲਾਜ ਕਰਵਾਉਣ ਲਈ ਸੰਗਰੂਰ ਹਸਪਤਾਲ ਵਿਖੇ ਲੈ ਗਏ ਜਿੱਥੇ ਡਾਕਟਰਾਂ ਨੇ ਮੇਰੇ ਭਰਾ ਸਤਵੀਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: ਦੁਖਦ ਖ਼ਬਰ: ਛੱਪੜ 'ਚ ਡੁੱਬਣ ਨਾਲ 4 ਸਾਲਾ ਬੱਚੇ ਦੀ ਮੌਤ
ਸ਼ਿਕਾਇਤਕਰਤਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਥੇ ਆ ਕੇ ਜਦੋਂ ਅਸੀਂ ਸੀ. ਸੀ. ਟੀ. ਵੀ. ਦੀ ਰਿਕਾਰਡਿੰਗ ਵੇਖੀ ਤਾਂ ਉਸ 'ਚ ਭਾਵੇਂ ਹਮਲਾਵਰਾਂ ਵਲੋਂ ਆਪਣੇ ਚਿਹਰੇ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਹਮਲਾਵਰਾਂ 'ਚ ਰਜਿੰਦਰ ਸਿੰਘ ਵਿੱਕੀ ਦੀ ਪੂਰੀ ਤਰ੍ਹਾਂ ਨਾਲ ਪਛਾਣ ਹੁੰਦੀ ਹੈ ਜਦੋਂਕਿ ਬਾਕੀ ਦੋ ਵਿਅਕਤੀਆਂ ਬਾਰੇ ਸਥਿਤੀ ਸਪੱਸ਼ਟ ਨਹੀਂ ਹੋਈ। ਥਾਣਾ ਲੌਂਗੋਵਾਲ ਦੇ ਕਾਰਜਕਾਰੀ ਮੁਖੀ ਰਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਵੀਰ ਸਿੰਘ ਦੀ ਭੈਣ ਹਰਪ੍ਰੀਤ ਕੌਰ ਦੇ ਬਿਆਨਾਂ ਤਹਿਤ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ, ਰਜਿੰਦਰ ਸਿੰਘ ਉਰਫ ਵਿੱਕੀ ਤੋਂ ਇਲਾਵਾ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਲੌਂਗੋਵਾਲ ਵਿਖੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦੋਂਕਿ ਘਟਨਾ ਵਿਚਲੇ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।