ਵਿਧਾਨ ਸਭਾ ਚ ਪੁੱਜੇਗਾ ਲੌਂਗੋਵਾਲ ਅਗਨੀ ਕਾਂਡ ਦਾ ਸੇਕ

02/19/2020 7:36:42 PM

ਲੌਂਗੋਵਾਲ,(ਵਸ਼ਿਸ਼ਟ)- ਲੁਧਿਆਣਾ ਦੇ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਲੌਂਗੋਵਾਲ ਸਕੂਲ ਵੈਨ ਅਗਨੀਕਾਂਡ ਦਾ ਮਾਮਲਾ ਵਿਧਾਨ ਸਭਾ ਵਿੱਚ ਉਠਾਉਣ ਦੀ ਗੱਲ ਆਖੀ ਹੈ।ਜਿਸ ਤੋਂ ਲੱਗਦਾ ਹੈ ਕਿ ਲੌਂਗੋਵਾਲ ਅਗਨੀ ਕਾਂਡ ਦਾ ਸੇਕ ਹੁਣ ਵਿਧਾਨ ਸਭਾ ਵਿੱਚ ਵੀ ਪੁੱਜੇਗਾ ।ਅੱਜ ਇੱਥੇ ਇਸ ਦਰਦਨਾਕ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਸ.ਬੈਂਸ ਨੇ ਕਿਹਾ ਕਿ ਜਿਥੇ ਉਹ ਵਿਧਾਨ ਸਭਾ ਵਿੱਚ ਸਰਕਾਰ ਦੀਆਂ ਨਾਲਾਇਕੀਆਂ ਦੀ ਪੋਲ ਖੋਲ੍ਹਣਗੇ ।ਉੱਥੇ ਸਿੱਖਿਆ ਮੰਤਰੀ ਤੋਂ ਵੀ ਅਸਤੀਫੇ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਦੇ ਜ਼ਿਲ੍ਹੇ ਵਿੱਚ ਹੀ ਸਕੂਲਾਂ ਦੇ ਪ੍ਰਬੰਧਾਂ ਜਾਂ ਵਾਹਨਾਂ ਦਾ ਇਹ ਹਾਲ ਹੈ ਤਾਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ ।ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਿੱਖਿਆ ਮੰਤਰੀ ਆਪਣੇ ਜ਼ਿਲ੍ਹੇ ਵਿੱਚ ਵੀ ਨਿਯਮ ਲਾਗੂ ਨਹੀਂ ਕਰਾ ਸਕਿਆ ।ਇਸ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ।ਬੈਂਸ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦਾ ਬੇੜਾ ਗਰਕ ਹੋ ਚੁੱਕਾ ਹੈ ਮੋਟਰ ਵਹੀਕਲ ਇੰਸਪੈਕਟਰ ਕੋਲ ਗੱਡੀ ਲਿਜਾਣ ਦੀ ਲੋੜ ਨਹੀਂ ਪੈਂਦੀ ।ਇੰਸਪੈਕਟਰ ਦੀ ਜੇਬ ਵਿੱਚ ਪੈਸੇ ਪਾਓ ਅਤੇ ਬਾਹਰੋ ਬਾਹਰ ਗੱਡੀ ਪਾਸ ਹੋ ਜਾਂਦੀ ਹੈ ।ਉਨ੍ਹਾਂ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਰਾਸ਼ੀ ਨੂੰ ਥੋੜ੍ਹੀ ਦੱਸਦਿਆਂ ਬੈਂਸ ਨੇ ਸੰਘਰਸ਼ ਕਮੇਟੀ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਵਿਧਾਨ ਸਭਾ ਵਿੱਚ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਅਤੇ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ ਜ਼ਖ਼ਮੀਆਂ ਨੂੰ ਦੋ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਜਾਵੇਗੀ। ਬੈਂਸ ਨੇ ਕਿਹਾ ਕਿ ਇਸ ਭਿਆਨਕ ਹਾਦਸੇ ਨੇ ਪੰਜਾਬ ਦੇ ਲੋਕਾਂ ਦੇ ਦਿਲ ਵਲੂੰਧਰ ਕੇ ਰੱਖ ਦਿੱਤੇ ਹਨ ।ਸਿੱਖਿਆ ਅਧਿਕਾਰੀ ਇਨ੍ਹਾਂ ਸਕੂਲਾਂ ਤੇ ਬੇਨਿਯਮੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ ।ਜਿਸ ਤੋਂ ਸ਼ੱਕ ਹੁੰਦਾ ਹੈ ਕਿ ਇਹ ਸਭ ਕੁਝ ਮਿਲੀ ਭੁਗਤ ਨਾਲ ਹੀ ਚੱਲਦਾ ਹੈ ।ਜਿਸ ਦੇ ਚੱਲਦਿਆਂ ਇਹ ਸਕੂਲਾਂ ਵਾਲੇ ਇੱਕ ਪਾਸੇ ਲੁੱਟ ਮਚਾਉਂਦੇ ਹਨ ਤੇ ਦੂਜੇ ਪਾਸੇ ਬੱਚਿਆਂ ਦੀ ਜਾਨ ਨਾਲ ਖੇਡਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਦੇ ਪਟਾਕਾ ਫੈਕਟਰੀ ਧਮਾਕਾ ,ਕਦੇ ਰੇਲ ਹਾਦਸਾ ਕਦੇ ਸਕੂਲ ਵੈਨ ਅਗਨੀ ਕਾਂਡ ਵਰਗੀਆਂ ਅਨੇਕਾਂ ਹੀ ਘਟਨਾਵਾਂ ਸਰਕਾਰ ਦੀ ਅਣਗਹਿਲੀ ਕਾਰਨ ਵਾਪਰਦੀਆਂ ਹਨ ਅਤੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਇਹ ਪ੍ਰਸ਼ਾਸਨ ਅਤੇ ਸ਼ਾਸਨ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾਉਂਦਾ ਹੈ ।ਅਤੇ ਪੀੜਤ ਪਰਿਵਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ।
ਸ. ਬੈਂਸ ਨੇ ਅੱਜ ਇੱਥੇ ਪੁੱਜ ਕੇ ਇਸ ਹਾਦਸੇ ਵਿੱਚ ਮਾਰੇ ਗਏ ਮਾਸੂਮ ਬੱਚੇ ਨਵਜੋਤ ਕੌਰ, ਸਿਮਰਜੀਤ ਸਿੰਘ, ਕਮਲਪ੍ਰੀਤ ਕੌਰ ਅਤੇ ਅਰਾਧਿਆ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਯੂਥ ਵਿੰਗ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ, ਜਸਵੰਤ ਸਿੰਘ ਗੱਜੂਮਾਜਰਾ, ਜਸਵਿੰਦਰ ਸਿੰਘ ਰਿਖੀ ਮੀਤ ਪ੍ਰਧਾਨ ,ਜੱਗੀ ਗਿੱਲ ਲੌਂਗੋਵਾਲ, ਬੀਬੀ ਸ਼ਮਿੰਦਰ ਕੌਰ ਗਿੱਲ, ਕਾਮਰੇਡ ਸੱਤਪਾਲ ਸੱਤਾ ,ਰਣਜੀਤ ਸਿੰਘ ਕੌਂਸਲਰ ਲੁਧਿਆਣਾ ਆਦਿ ਹਾਜ਼ਰ ਸਨ ।


Bharat Thapa

Content Editor

Related News