ਸੀਨੀਅਰ ਪੱਤਰਕਾਰ ਨਾਲ ਪੁਲਸ ਵੱਲੋਂ ਦੁਰਵਿਹਾਰ ਦੀ ਭਾਈ ਲੌਂਗੋਵਾਲ ਨੇ ਕੀਤੀ ਨਿੰਦਾ
Monday, Apr 20, 2020 - 11:25 PM (IST)
ਅੰਮ੍ਰਿਤਸਰ, (ਦੀਪਕ ਸ਼ਰਮਾ)— ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਨਾਲ ਚੰਡੀਗੜ੍ਹ ਪੁਲਸ ਵੱਲੋਂ ਕੀਤੇ ਗਏ ਦੁਰਵਿਹਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਕ ਪਾਸੇ ਤਾਂ ਮੌਜੂਦਾ ਸੰਕਟਮਈ ਸਮੇਂ ਦੌਰਾਨ ਪੱਤਰਕਾਰ ਆਪਣੀ ਜਾਨ ਜ਼ੋਖਮ 'ਚ ਪਾ ਕੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ ਤੇ ਕੋਰੋਨਾ ਵਾਇਰਸ ਦੀ ਭਿਆਨਕਤਾ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਜਦਕਿ ਦੂਸਰੇ ਪਾਸੇ ਉਨ੍ਹਾਂ ਨੂੰ ਕੁਝ ਸਰਕਾਰੀ ਨੁਮਾਇੰਦਿਆਂ ਦੀ ਵਜ੍ਹਾ ਕਾਰਨ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਵਿੰਦਰਪਾਲ ਸਿੰਘ ਵਰਗੇ ਸੀਨੀਅਰ ਪੱਤਰਕਾਰ ਨਾਲ ਪੁਲਸ ਵੱਲੋਂ ਦੁਰਵਿਹਾਰ ਕਰਨਾ ਲੋਕ ਸੇਵਾ ਕਰਨ ਵਾਲਿਆਂ ਲਈ ਇਕ ਚੁਣੌਤੀ ਦੀ ਤਰ੍ਹਾਂ ਹੈ। ਇਸ ਮੰਦਭਾਗੀ ਕਾਰਵਾਈ ਕਰਨ ਵਾਲੇ ਮੁਲਾਜ਼ਮਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਹੀ ਚਾਹੀਦੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਪੁਲਸ ਮੁਖੀ ਇਸ ਘਟਨਾ ਨੂੰ ਸੰਜੀਦਗੀ ਨਾਲ ਲੈਣ ਤੇ ਪੁਲਸ ਦੀ ਕਾਰਜਸ਼ੈਲੀ 'ਤੇ ਉਠੇ ਸਵਾਲਾਂ ਦਾ ਗੰਭੀਰਤਾ ਨਾਲ ਅਧਿਐਨ ਕਰਨ। ਅੱਗੇ ਤੋਂ ਅਜਿਹਾ ਨਾ ਵਾਪਰਨ ਦਾ ਜਨਤਕ ਤੌਰ 'ਤੇ ਭਰੋਸਾ ਦੇਣਾ ਵੀ ਪੁਲਸ ਮੁਖੀ ਦਾ ਫਰਜ਼ ਹੈ।