ਚੋਣਾਂ ਤੋਂ ਪਹਿਲਾਂ ਸੰਨੀ ਦਿਓਲ ਵਿਵਾਦਾਂ ਦੇ ਘੇਰੇ 'ਚ, ਫੂਕਿਆ ਪੁਤਲਾ

05/03/2019 10:50:05 PM

ਬਟਾਲਾ,(ਬੇਰੀ): 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਹੁ-ਚਰਚਿਤ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਤੇ ਸਿਨੇ ਸਟਾਰ ਸੰਨੀ ਦਿਓਲ ਦਿਨੋਂ-ਦਿਨ ਵਿਵਾਦਾਂ ਦੇ ਘੇਰੇ 'ਚ ਘਿਰਦੇ ਚਲੇ ਜਾ ਰਹੇ ਹਨ। ਜਿਸ ਦੇ ਚਲਦਿਆਂ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਜਿਥੇ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ, ਉਥੇ ਨਾਲ ਹੀ ਸੰਨੀ ਵਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਰੋਡ ਸ਼ੋਅ 'ਚ ਹਿੰਦੂ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸਿੱਟੇ ਵਜੋਂ ਗੁੱਸਾਏ ਹਲਕਾ ਬਟਾਲਾ ਦੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਅਗਵਾਈ ਹੇਠ ਸਥਾਨਕ ਨਹਿਰੂ ਗੇਟ ਵਿਖੇ ਜਿਥੇ ਭਾਜਪਾ ਉਮੀਦਵਾਰ ਅਜੈ ਸਿੰਘ ਉਰਫ ਸੰਨੀ ਦਿਓਲ ਦਾ ਪੁਤਲਾ ਫੂਕਿਆ, ਉਥੇ ਨਾਲ ਹੀ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਭਾਜਪਾ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। 
ਇਸ ਦੌਰਾਨ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਵਲੋਂ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਮੁਖਾਤਿਬ ਹੁੰਦਿਆਂ ਜਿਥੇ ਸੰਨੀ ਦਿਓਲ 'ਤੇ ਜੰਮ ਕੇ ਵਰੇ, ਉਥੇ ਨਾਲ ਹੀ ਉਨ੍ਹਾਂ ਕਿਹਾ ਕਿ ਬੀਤੇ ਕੱਲ ਡੇਰਾ ਬਾਬਾ ਨਾਨਕ ਵਿਖੇ ਸੰਨੀ ਦਿਓਲ ਵਲੋਂ ਕੀਤੇ ਗਏ ਰੋਡ ਸ਼ੋਅ ਦੌਰਾਨ ਜਿਸ ਵਾਹਨ 'ਤੇ ਸੰਨੀ ਦਿਓਲ ਸਵਾਰ ਸਨ। ਉਸ 'ਤੇ ਭਗਵਾਨ ਸ਼ਿਵ ਦੀ ਤਸਵੀਰ ਲੱਗੀ ਹੋਈ ਸੀ ਤੇ ਸੰਨੀ ਦਿਓਲ ਨੇ ਜਿਥੇ ਭਗਵਾਨ ਸ਼ਿਵ ਦੀ ਤਸਵੀਰ 'ਤੇ ਪੈਰ ਰੱਖ ਕੇ ਭਗਵਾਨ ਸ਼ਿਵ ਦਾ ਅਪਮਾਨ ਕੀਤਾ ਹੈ। ਉਥੇ ਨਾਲ ਹੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਣ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਨੀ ਨੂੰ ਭੇਟ ਕੀਤੇ ਗਏ ਸਿਰੋਪਾਓ ਸਾਹਿਬ ਨੂੰ ਵੀ ਪੈਰਾਂ 'ਚ ਰੱਖ ਦਿੱਤਾ ਗਿਆ, ਜਿਸ ਨਾਲ ਹਿੰਦੂ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਜ਼ਬਰਦਸਤ ਠੇਸ ਪੁੱਜੀ ਹੈ ਅਤੇ ਇਸ ਨਾਲ ਹਿੰਦੂ ਸਿੱਖ ਭਾਈਚਾਰੇ 'ਚ ਭਾਜਪਾ ਦੇ ਉਕਤ ਲੋਕ ਸਭਾ ਉਮੀਦਵਾਰ ਖਿਲਾਫ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।


Related News