ਲੋਕ ਸਭਾ ਚੋਣਾਂ ਤੋਂ ਬਾਅਦ ਵੀ ਚੋਣ ਮੋਡ 'ਤੇ ਰਹਿ ਸਕਦੈ ਪੰਜਾਬ
Wednesday, Apr 24, 2019 - 10:07 AM (IST)
ਲੁਧਿਆਣਾ (ਹਿਤੇਸ਼)—ਪੰਜਾਬ 'ਚ ਲੋਕ ਸਭਾ ਚੋਣਾਂ ਅੰਤਿਮ ਦੌਰ 'ਚ ਹੋਣ ਦੀ ਵਜ੍ਹਾ ਨਾਲ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਹਾਲਾਂਕਿ ਇਹ ਇੰਤਜ਼ਾਰ 19 ਮਈ ਨੂੰ ਖਤਮ ਹੋ ਜਾਵੇਗਾ ਪਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵਲੋਂ 8 ਮੌਜੂਦਾ ਵਿਧਾਇਕ ਵੀ ਮੈਦਾਨ ਵਿਚ ਉੱਤਰੇ ਹਨ, ਉਨ੍ਹਾਂ 'ਚੋਂ ਕਿਸੇ ਵਿਧਾਇਕ ਦੇ ਜਿੱਤਣ ਦੀ ਹਾਲਤ 'ਚ ਲੋਕ ਸਭਾ ਚੋਣ ਤੋਂ ਬਾਅਦ ਪੰਜਾਬ 'ਚ ਕਿਸੇ ਸੀਟ 'ਤੇ ਵਿਧਾਨ ਸਭਾ ਦੀ ਉਪ ਚੋਣ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ।
ਇਹ ਵਿਧਾਇਕ ਲੜ ਰਹੇ ਹਨ ਲੋਕ ਸਭਾ ਚੋਣ
ਸੁਖਬੀਰ ਸਿੰਘ ਬਾਦਲ, ਅਕਾਲੀ ਦਲ, ਫਿਰੋਜ਼ਪੁਰ
ਸੁਖਪਾਲ ਖਹਿਰਾ, ਡੈਮੋਕ੍ਰੇਟਿਕ ਅਲਾਇੰਸ, ਬਠਿੰਡਾ
ਰਾਜਾ ਵੜਿੰਗ, ਕਾਂਗਰਸ, ਬਠਿੰਡਾ
ਬਲਜਿੰਦਰ ਕੌਰ, ਆਮ ਆਦਮੀ ਪਾਰਟੀ, ਬਠਿੰਡਾ
ਰਾਜ ਕੁਮਾਰ ਚੱਬੇਵਾਲ, ਕਾਂਗਰਸ, ਹੁਸ਼ਿਆਰਪੁਰ
ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ, ਸੰਗਰੂਰ
ਸਿਮਰਜੀਤ ਬੈਂਸ, ਡੈਮੋਕ੍ਰੇਟਿਕ ਅਲਾਇੰਸ, ਲੁਧਿਆਣਾ
ਮਾਸਟਰ ਬਲਦੇਵ ਸਿੰਘ, ਡੈਮੋਕ੍ਰੇਟਿਕ ਅਲਾਇੰਸ, ਫਰੀਦਕੋਟ
ਬਠਿੰਡਾ ਸੀਟ 'ਤੇ ਕਿਸਮਤ ਅਜ਼ਮਾ ਰਹੇ ਹਨ ਸਭ ਤੋਂ ਜ਼ਿਆਦਾ ਵਿਧਾਇਕ
ਮੌਜੂਦਾ ਵਿਧਾਇਕਾਂ ਵਲੋਂ ਲੋਕ ਸਭਾ ਚੋਣ ਲੜਨ ਨਾਲ ਜੁੜਿਆ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਸਭ ਤੋਂ ਜ਼ਿਆਦਾ ਵਿਧਾਇਕ ਬਠਿੰਡਾ ਸੀਟ 'ਤੇ ਕਿਸਮਤ ਅਜ਼ਮਾ ਰਹੇ ਹਨ, ਜੋ ਤਿੰਨ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨਾਲ ਸਬੰਧ ਰੱਖਣ ਵਾਲੇ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਵਲੋਂ ਉਮੀਦਵਾਰ ਬਣਾਈ ਗਈ ਬਾਦਲ ਪਰਿਵਾਰ ਦੀ ਨੂੰਹ ਤੇ ਕੇਂਦਰ 'ਚ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ ਹੋਣ ਜਾ ਰਿਹਾ ਹੈ।
ਮੁੱਲਾਂਪੁਰ ਸੀਟ ਨੂੰ ਲੈ ਕੇ ਸਪੀਕਰ ਦੇ ਫੈਸਲੇ 'ਤੇ ਵੀ ਨਜ਼ਰ
ਹਾਲਾਂਕਿ ਪੰਜਾਬ 'ਚ ਲੋਕ ਸਭਾ ਚੋਣ ਤੋਂ ਪਹਿਲਾਂ ਜਾਂ ਨਾਲ ਵੀ ਵਿਧਾਨ ਸਭਾ ਦੀ ਉਪ ਚੋਣ ਦੇਖਣ ਨੂੰ ਮਿਲ ਸਕਦੀ ਸੀ ਪਰ ਮੁੱਲਾਂਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਦੇ ਅਸਤੀਫੇ 'ਤੇ ਸਪੀਕਰ ਵਲੋਂ ਹੁਣ ਤਕ ਫੈਸਲਾ ਨਹੀਂ ਲਿਆ ਗਿਆ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਲੋਕ ਸਭਾ ਚੋਣ ਤੋਂ ਬਾਅਦ ਫੂਲਕਾ ਦੇ ਅਸਤੀਫੇ ਨੂੰ ਸਵੀਕਾਰ ਕਰਨ ਬਾਰੇ ਕੋਈ ਫੈਸਲਾ ਕੀਤਾ ਜਾ ਸਕਦਾ ਹੈ।
ਇਹ ਹਨ ਸਰਕਾਰ ਦੇ ਖਿਲਾਫ ਉਪ ਚੋਣ ਜਿੱਤਣ ਦਾ ਰਿਕਾਰਡ
ਆਮ ਤੌਰ 'ਤੇ ਸਰਕਾਰ ਨਾਲ ਸਬੰਧਤ ਉਮੀਦਵਾਰ ਦੇ ਹੀ ਵਿਧਾਨ ਸਭਾ ਉਪ ਚੋਣ ਜਿੱਤਣ ਦਾ ਰਿਕਾਰਡ ਰਿਹਾ ਹੈ ਕਿਉਂਕਿ ਸਰਕਾਰ ਦੇ ਸਾਰੇ ਮੰਤਰੀ ਤੇ ਵਿਧਾਇਕਾਂ ਸਮੇਤ ਹਰ ਛੋਟਾ-ਵੱਡਾ ਲੀਡਰ ਆਪਣੀ ਤਾਕਤ ਲਾ ਦਿੰਦਾ ਹੈ ਪਰ ਬੇਅੰਤ ਸਿੰਘ ਦੀ ਸਰਕਾਰ ਸਮੇਂ ਅਜਨਾਲਾ ਤੇ ਗਿੱਦੜਬਾਹਾ 'ਚ ਹੋਈ ਉਪ ਚੋਣ ਦੌਰਾਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਤਹਿਤ ਰਤਨ ਸਿੰਘ ਅਜਨਾਲਾ ਤੇ ਮਨਪ੍ਰੀਤ ਬਾਦਲ ਨੇ ਸਰਕਾਰ ਖਿਲਾਫ ਅਕਾਲੀ ਦਲ ਵਲੋਂ ਜਿੱਤਣ ਦਾ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ ਅਕਾਲੀ ਸਰਕਾਰ ਦੇ ਸਮੇਂ ਆਦਮਪੁਰ ਤੇ ਪਟਿਆਲਾ 'ਚ ਹੋਈ ਉਪ ਚੋਣ ਜਿੱਤਣ ਦਾ ਰਿਕਾਰਡ ਕੰਵਲਜੀਤ ਸਿੰਘ ਲਾਲੀ ਤੇ ਪ੍ਰਨੀਤ ਕੌਰ ਦੇ ਨਾਂ ਹੈ।
ਇਹ ਹਨ ਉਪ ਚੋਣ ਦੇ ਨਿਯਮ
ਨਿਯਮਾਂ ਮੁਤਾਬਕ ਲੋਕ ਸਭਾ ਜਾਂ ਵਿਧਾਨ ਸਭਾ ਦੀ ਕੋਈ ਸੀਟ ਖਾਲੀ ਹੋਣ ਤੋਂ ਬਾਅਦ 6 ਮਹੀਨੇ ਦੇ ਅੰਦਰ ਉਥੇ ਉਪ ਚੋਣ ਕਰਵਾਉਣਾ ਲਾਜ਼ਮੀ ਹੈ। ਇਹ ਸੀਟ ਭਾਵੇਂ ਮੈਂਬਰ ਵਲੋਂ ਅਸਤੀਫਾ ਦੇਣ, ਉਸ ਦੀ ਮੌਤ ਜਾਂ ਮੈਂਬਰਸ਼ਿਪ ਰੱਦ ਹੋਣ ਦੀ ਵਜ੍ਹਾ ਨਾਲ ਖਾਲੀ ਹੋਈ ਹੋਵੇ।
ਪੰਜਾਬ 'ਚ ਇਨ੍ਹਾਂ ਸੀਟਾਂ 'ਤੇ ਹੋ ਚੁੱਕੀ ਹੈ ਉਪ ਚੋਣ
ਅਜਨਾਲਾ, ਗਿੱਦੜਬਾਹਾ, ਸ਼ਾਹਕੋਟ, ਸੁਨਾਮ, ਮਲੋਟ, ਆਦਮਪੁਰ, ਪਟਿਆਲਾ, ਸ਼ਾਮਚੌਰਾਸੀ, ਨਵਾਂਸ਼ਹਿਰ, ਕਥੂ ਨੰਗਲ, ਕਪੂਰਥਲਾ, ਕਾਦੀਆਂ, ਧੂਰੀ, ਖੰਡੂਰ ਸਾਹਿਬ, ਮੋਗਾ, ਦਸੂਹਾ, ਤਲਵੰਡੀ ਸਾਬੋ।
ਕਾਂਗਰਸ ਦੇ ਇਹ ਮੌਜੂਦਾ ਵਿਧਾਇਕ ਵੀ ਮੰਗ ਰਹੇ ਸਨ ਟਿਕਟ
ਰਾਣਾ ਸੋਢੀ, ਸੁਸ਼ੀਲ ਰਿੰਕੂ, ਸੁਰਜੀਤ ਸਿੰਘ ਧੀਮਾਨ, ਕਾਕਾ ਰਣਦੀਪ ਸਿੰਘ, ਕੁਲਦੀਪ ਸਿੰਘ ਵੈਦ, ਰਾਕੇਸ਼ ਪਾਂਡੇ, ਗੁਰਪ੍ਰੀਤ ਸਿੰਘ ਜੀ. ਪੀ., ਲਖਬੀਰ ਸਿੰਘ ਲੱਖਾ, ਰਾਜ ਕੁਮਾਰ ਵੇਰਕਾ, ਪਵਨ ਆਦਿਆ, ਰਾਣਾ ਗੁਰਜੀਤ ਸਿੰਘ, ਰਮਨਜੀਤ ਸਿੱਕੀ, ਕੁਲਬੀਰ ਜ਼ੀਰਾ।
ਅਕਾਲੀ ਦਲ ਨੇ ਨਹੀਂ ਲਿਆ ਜ਼ਿਆਦਾ ਰਿਸਕ
ਮੌਜੂਦਾ ਵਿਧਾਇਕਾਂ ਨੂੰ ਲੋਕ ਸਭਾ ਚੋਣ ਲੜਵਾਉਣ ਦੇ ਮਾਮਲੇ 'ਚ ਅਕਾਲੀ ਦਲ ਨੇ ਜ਼ਿਆਦਾ ਰਿਸਕ ਨਹੀਂ ਲਿਆ ਹੈ, ਜਿਸ ਦੇ ਤਹਿਤ ਪਿਛਲੀ ਵਾਰ ਚੋਣ ਲੜਨ ਵਾਲੇ ਜਾਂ ਮਜ਼ਬੂਤ ਸਥਿਤੀ ਵਾਲੇ ਵਿਧਾਇਕਾਂ ਨੂੰ ਮੈਦਾਨ 'ਚ ਨਹੀਂ ਉਤਾਰਿਆ ਗਿਆ ਹੈ। ਜਿਨ੍ਹਾਂ ਵਿਚ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਢਿੱਲੋਂ, ਪਵਨ ਟੀਨੂ ਦੇ ਨਾਂ ਸ਼ਾਮਲ ਹਨ ਅਤੇ ਉਪ ਚੋਣ ਦੀ ਹਾਲਤ 'ਚ ਸਰਕਾਰ ਦੇ ਨਾਲ ਮੁਕਾਬਲੇ ਦੇ ਦੌਰਾਨ ਅਕਾਲੀ ਦਲ ਇਨ੍ਹਾਂ ਸੀਟਾਂ ਨੂੰ ਘੱਟ ਨਹੀਂ ਕਰਨਾ ਚਾਹੁੰਦਾ, ਹਾਲਾਂਕਿ ਦੋ ਸੀਟਾਂ 'ਤੇ ਅਕਾਲੀ ਦਲ ਦੇ ਵਿਧਾਇਕ ਚੋਣ ਲੜ ਰਹੇ ਹਨ। ਜਿਨ੍ਹਾਂ ਵਿਚ ਪਰਮਿੰਦਰ ਸਿੰਘ ਢੀਂਡਸਾ ਨੂੰ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਚੋਣ ਲੜਨ ਤੋਂ ਇਨਕਾਰ ਕਰਨ ਦੀ ਵਜ੍ਹਾ ਨਾਲ ਮਜਬੂਰੀ 'ਚ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਪੰਜਾਬ 'ਚ ਅਕਾਲੀ ਦਲ ਦੀ ਕਮਜ਼ੋਰ ਹਾਲਤ ਦੇ ਮੱਦੇਨਜ਼ਰ ਜਿੱਤ ਦਾ ਅੰਕੜਾ ਵਧਾਉਣ ਲਈ ਸੁਖਬੀਰ ਬਾਦਲ ਖੁਦ ਮੈਦਾਨ 'ਚ ਉਤਰੇ ਹਨ।
2014 'ਚ ਕੈਪਟਨ ਨੇ ਵਿਧਾਇਕ ਰਹਿੰਦੇ ਹੋਏ ਜੇਤਲੀ ਖਿਲਾਫ ਲੜ ਕੇ ਜਿੱਤੀ ਸੀ ਚੋਣ
ਜੇਕਰ ਮੌਜੂਦਾ ਵਿਧਾਇਕਾਂ ਵਲੋਂ ਚੋਣ ਲੜਨ ਤੋਂ ਬਾਅਦ ਜਿੱਤਣ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਤਾਜ਼ਾ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਪਟਿਆਲਾ ਤੋਂ ਵਿਧਾਇਕ ਰਹਿੰਦੇ ਹੋਏ 2014 ਦੀ ਲੋਕ ਸਭਾ ਚੋਣ ਵਿਚ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਖਿਲਾਫ ਚੋਣ ਲੜੀ ਸੀ। ਇਸ ਦੌਰਾਨ ਕੈਪਟਨ ਨੂੰ ਜਿੱਤ ਹਾਸਲ ਹੋਈ ਸੀ ਪਰ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਪਟਿਆਲਾ 'ਚ ਆਮ ਆਦਮੀ ਪਾਰਟੀ ਦੇ ਧਰਮਵੀਰ ਗਾਂਧੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਹਾਲਾਂਕਿ ਉਸ ਸਮੇਂ ਕੈਪਟਨ ਵਲੋਂ ਅਸਤੀਫਾ ਦੇਣ 'ਤੇ ਖਾਲੀ ਹੋਈ ਪਟਿਆਲਾ ਦੀ ਸੀਟ 'ਤੇ ਹੋਈ ਉਪ ਚੋਣ ਵਿਚ ਪ੍ਰਨੀਤ ਕੌਰ ਨੇ ਜਿੱਤ ਹਾਸਲ ਕੀਤੀ ਸੀ।
2014 'ਚ ਇਨ੍ਹਾਂ ਵਿਧਾਇਕਾਂ ਨੇ ਲੜੀ ਸੀ ਚੋਣ ਪਰ ਨਹੀਂ ਮਿਲੀ ਸਫਲਤਾ
ਪਵਨ ਟੀਨੂ, ਅਕਾਲੀ ਦਲ, ਜਲੰਧਰ
ਸੁਨੀਲ ਜਾਖੜ, ਕਾਂਗਰਸ, ਫਿਰੋਜ਼ਪੁਰ
ਸਾਧੂ ਸਿੰਘ ਧਰਮਸੌਤ, ਕਾਂਗਰਸ, ਫਤਿਹਗੜ੍ਹ ਸਾਹਿਬ
ਜੋਗਿੰਦਰ ਸਿੰਘ ਪੰਜਗਰਾਈਂ, ਕਾਂਗਰਸ, ਫਰੀਦਕੋਟ
ਸਿਮਰਜੀਤ ਬੈਂਸ, ਆਜ਼ਾਦ, ਲੁਧਿਆਣਾ
ਮਨਪ੍ਰੀਤ ਇਆਲੀ, ਅਕਾਲੀ ਦਲ, ਲੁਧਿਆਣਾ