ਆਗਾਮੀ ਲੋਕ ਸਭਾ ਚੋਣਾਂ 'ਚ ਕਿਸੇ ਵੀ ਪਾਰਟੀ ਨਾਲ ਨਹੀਂ ਕਰਾਂਗੇ ਗੱਠਜੋੜ: ਕੇਜਰੀਵਾਲ (ਵੀਡੀਓ)

10/11/2018 7:02:08 PM

ਬਠਿੰਡਾ(ਵਿਜੇ)— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ ਅਤੇ ਆਪਣੇ ਦਮ 'ਤੇ ਚੋਣ ਲੜਨਗੇ। ਤੁਹਾਨੂੰ ਦੱਸ ਦੇਈਏ ਕਿ ਉਹ ਬਠਿੰਡਾ ਵਿਚ ਵਿਧਾਇਕ ਰੂਬੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੁੱਜੇ ਹੋਏ ਹਨ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਅਤੇ ਨੇਤਾ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਹੁਣ ਸਿਰਫ ਇਕ ਹੀ ਬਦਲ ਆਮ ਆਦਮੀ ਪਾਰਟੀ ਬਚਿਆ ਹੈ, ਕਿਉਂਕਿ ਜਨਤਾ ਨੇ ਅਕਾਲੀ ਦਲ ਅਤੇ ਕਾਂਗਰਸ ਦੀ ਸੱਤਾ ਦਾ ਮਜ਼ਾ ਚੱਖ ਲਿਆ ਹੈ ਹੁਣ ਉਹ ਉਨ੍ਹਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਹ ਕੁੱਝ ਹੀ ਵੋਟਾਂ 'ਤੇ ਸੱਤਾ ਤੋਂ ਦੂਰ ਰਹੇ ਪਰ ਇਸ ਵਾਰ ਕਮੀ ਨੂੰ ਪੂਰਾ ਕਰ ਲਿਆ ਜਾਵੇਗਾ। ਇਕ ਉੱਤਰ ਵਿਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵਿਚ ਕੁੱਝ ਊਥਲ-ਪੁਥਲ ਹੋਈ ਹੈ, ਜਿਸ ਨਾਲ ਅੰਦਰੂਨੀ ਟਕਰਾਅ ਸਾਹਮਣੇ ਆਇਆ ਹੈ। ਇਸ ਅੰਦਰੂਨੀ ਟਕਰਾਅ ਨੂੰ ਚੋਣਾਂ ਤੋਂ ਪਹਿਲਾਂ ਠੀਕ ਕਰ ਲਿਆ ਜਾਵੇਗਾ। 'ਆਪ' ਪਾਰਟੀ ਇਕ ਵੱਡੀ ਪਾਰਟੀ ਬਣਦੀ ਜਾ ਰਹੀ ਹੈ। ਨੇਤਾਵਾਂ ਵਿਚ ਵਿਚਾਰਾਂ ਦਾ ਮੱਤਭੇਦ ਹੋ ਸਕਦਾ ਹੈ ਪਰ ਇਸ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

ਕੈਪਟਨ ਸਰਕਾਰ 'ਤੇ ਵਰ੍ਹਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਿਸੇ ਨੂੰ ਨੌਕਰੀ ਨਹੀਂ ਮਿਲੀ, ਸਮਾਰਟ ਫੋਨ ਨਹੀਂ ਮਿਲਿਆ, ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਹੋਏ, ਬੇਅਦਬੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ, ਖੁਦਕੁਸ਼ੀਆਂ ਵਧੀਆਂ, ਨਸ਼ੇ 'ਤੇ ਰੋਕਥਾਮ ਲਈ ਜੋ ਸਹੁੰ ਖਾਧੀ ਸੀ ਉਹ ਪੂਰੀ ਨਹੀਂ ਹੋਈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਉਨ੍ਹਾਂ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਹਨ। ਇਸ ਲਈ ਸਿਰਫ ਦਿੱਲੀ ਹੀ ਨਹੀਂ ਦੇਸ਼ ਦੀ ਜਨਤਾ ਆਮ ਆਦਮੀ ਪਾਰਟੀ ਨਾਲ ਜੁੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਨੂੰ ਹੁਣ ਮੌਜੂਦਾ ਸਰਕਾਰ ਵਲੋਂ ਕੋਈ ਉਮੀਦ ਨਹੀਂ, ਕਿਉਂਕਿ 18 ਮਹੀਨੇ ਬੀਤਣ ਦੇ ਬਾਅਦ ਵੀ ਕੈਪਟਨ ਸਰਕਾਰ ਨਾ ਤਾਂ ਕੋਈ ਵਿਕਾਸ ਕਰ ਸਕੀ ਅਤੇ ਨਾ ਹੀ ਕੋਈ ਵਾਅਦਾ ਪੂਰਾ ਕਰ ਸਕੀ।

ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਕੈਪਟਨ ਅਤੇ ਬਾਦਲ ਆਪਸ ਵਿਚ ਮਿਲੇ ਹੋਏ ਹਨ। ਇਹ ਪੰਜਾਬ ਦੀ ਜਨਤਾ ਹੁਣ ਜਾਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਕਿਹਾ ਸੀ ਕਿ ਉਹ ਸੱਤਾ ਵਿਚ ਆਉਂਦੇ ਹੀ ਮਜੀਠੀਆ ਅਤੇ ਬਾਦਲਾਂ ਨੂੰ ਹਵਾਲਾਤ ਵਿਚ ਪਹੁੰਚਾਉਣਗੇ ਅਤੇ ਨਸ਼ਾ ਤਸਕਰੀ ਵਿਚ ਜਿਸ ਦਾ ਵੀ ਹੱਥ ਹੋਵੇਗਾ ਉਸ ਨੂੰ ਨਹੀਂ ਬਖਸ਼ਣਗੇ। ਕੈਪਟਨ ਸਰਕਾਰ ਬਾਦਲਾਂ 'ਤੇ ਪੂਰੀ ਤਰ੍ਹਾਂ ਦਿਆਲੂ ਹੈ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ। ਕੇਜਰੀਵਾਲ ਨੇ ਅੱਗੇ ਦੱਸਿਆ ਕਿ ਲੰਬੀ ਵਿਚ ਉਨ੍ਹਾਂ ਦੇ ਵਿਧਾਇਕ ਨੂੰ ਹਰਾਉਣ ਲਈ ਕੈਪਟਨ ਅਤੇ ਬਾਦਲ ਨੇ ਮਿਲ ਕੇ ਮੋਰਚਾ ਲਗਾਇਆ ਸੀ। ਪੰਜਾਬ ਵਿਚ ਨਸ਼ੇ ਦੇ ਵੱਧ ਰਹੇ ਚਲਨ 'ਤੇ ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਚਾਰ ਹਫਤੇ ਵਿਚ ਨਸ਼ਾ ਖਤਮ ਕਰਨ ਦਾ ਪ੍ਰਣ ਲਿਆ ਸੀ ਪਰ ਹੁਣ ਤਾਂ ਪੰਜਾਬ ਵਿਚ ਨਸ਼ਾ ਪਹਿਲਾਂ ਤੋਂ ਜ਼ਿਆਦਾ ਵਿਕਣ ਲੱਗਾ ਹੈ। ਬੇਅਦਬੀ ਮਾਮਲੇ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਧਾਇਕ ਨਰੇਸ਼ ਯਾਦਵ ਉੱਤੇ ਸਰਕਾਰ ਨੇ ਝੂਠੇ ਇਲਜ਼ਾਮ ਲਗਾਏ ਸਨ ਜਦੋਂ ਕਿ ਅਦਾਲਤ ਵਿਚ ਉਨ੍ਹਾਂ ਨੂੰ ਇਨਸਾਫ ਮਿਲ ਚੁੱਕਾ ਹੈ। ਉਹ ਕਿਸੇ ਤੋਂ ਡਰਨ ਵਾਲੇ ਨਹੀਂ ਅਤੇ ਪਾਰਟੀ ਹਿੱਤ ਅਤੇ ਦੇਸ਼ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ।


Related News