ਲੋਕ ਸਭਾ ਚੋਣਾਂ: ‘ਆਪ’ ਨੇ ਉਮੀਦਵਾਰਾਂ ਦੇ ਐਲਾਨ ’ਚ ਮਾਰੀ ਬਾਜ਼ੀ, ਹੋਰ ਪਾਰਟੀਆਂ ਅਜੇ ਸ਼ਸ਼ੋਪੰਜ ’ਚ

Friday, Mar 15, 2024 - 06:16 PM (IST)

ਜਲੰਧਰ/ਚੰਡੀਗੜ੍ਹ (ਧਵਨ)–ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੇ ਐਲਾਨ ਵਿਚ ਬਾਜ਼ੀ ਮਾਰ ਲਈ ਹੈ ਅਤੇ ਵੀਰਵਾਰ ਸਭ ਤੋਂ ਪਹਿਲਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਪੰਜਾਬ ਦੀ ਸਿਆਸਤ ਵਿਚ ਇਕ ਸਮਾਂ ਅਜਿਹਾ ਸੀ ਜਦੋਂ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਹੋਰ ਪਾਰਟੀਆਂ ਦੇ ਮੁਕਾਬਲੇ ਪਹਿਲਾਂ ਐਲਾਨੇ ਜਾਂਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਉਸ ਦੀ ਥਾਂ ਆਮ ਆਦਮੀ ਪਾਰਟੀ ਨੇ ਲੈ ਲਈ ਹੈ। ਕਾਂਗਰਸ ਅਤੇ ਭਾਜਪਾ ਕੌਮੀ ਪਾਰਟੀਆਂ ਹਨ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਵੀ ਲੰਮੀ ਹੁੰਦੀ ਹੈ। ਆਮ ਆਦਮੀ ਪਾਰਟੀ ਵੀ ਭਾਵੇਂ ਕੌਮੀ ਪਾਰਟੀ ਬਣ ਚੁੱਕੀ ਹੈ ਪਰ ਫਿਰ ਵੀ ਅਜੇ ਉਸ ਦੀ ਹੱਦ ਕੁਝ ਸੂਬਿਆਂ ਤਕ ਹੀ ਸੀਮਿਤ ਹੈ। ਇਸ ਲਈ ਜਿਨ੍ਹਾਂ ਸੂਬਿਆਂ ਵਿਚ ਉਸ ਦੀ ਸਰਕਾਰ ਹੈ, ਉੱਥੇ ਉਹ ਉਮੀਦਵਾਰਾਂ ਦੇ ਐਲਾਨ ਵਿਚ ਬਾਜ਼ੀ ਮਾਰ ਰਹੀ ਹੈ।

ਇਹ ਵੀ ਪੜ੍ਹੋ:ਕੈਨੇਡਾ ਭੇਜਣ ਦੇ ਨਾਂ 'ਤੇ ਮਾਰੀ 22 ਲੱਖ ਤੋਂ ਵਧੇਰੇ ਦੀ ਠੱਗੀ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਭਾਜਪਾ ਤੇ ਅਕਾਲੀ ਦਲ ਵਿਚਾਲੇ ਸੰਭਾਵਤ ਚੋਣ ਗਠਜੋੜ ਸਬੰਧੀ ਅਜੇ ਗੱਲ ਸਿਰੇ ਨਹੀਂ ਚੜ੍ਹੀ। ਅਜੇ ਦੋਵਾਂ ਪਾਰਟੀਆਂ ’ਚ ਲੜੀਆਂ ਜਾਣ ਵਾਲੀਆਂ ਸੀਟਾਂ ਸਬੰਧੀ ਸਹਿਮਤੀ ਬਣਨੀ ਹੈ। ਭਾਜਪਾ ਅਕਾਲੀ ਦਲ ਤੋਂ ਇਸ ਵਾਰ ਪੰਜਾਬ ਵਿਚ ਘੱਟੋ-ਘੱਟ 6 ਵਿਧਾਨ ਸਭਾ ਸੀਟਾਂ ਮੰਗ ਰਹੀ ਹੈ, ਜਦੋਂਕਿ ਅਕਾਲੀ ਦਲ ਉਸ ਨੂੰ 5 ਸੀਟਾਂ ਦੇਣ ਲਈ ਤਿਆਰ ਹੈ। ਦੋਵਾਂ ਪਾਰਟੀਆਂ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਤੇਜ਼ੀ ਆਏਗੀ। ਜਿੱਥੋਂ ਤਕ ਕਾਂਗਰਸ ਦਾ ਸਵਾਲ ਹੈ ਤਾਂ ਉਸ ਨੇ ਉਮੀਦਵਾਰਾਂ ਦੇ ਨਾਵਾਂ ਦਾ ਪੈਨਲ ਹਾਈਕਮਾਨ ਨੂੰ ਭੇਜਣਾ ਹੈ। ਹਾਈਕਮਾਨ ਜਦੋਂ ਬੈਠਕ ਕਰੇਗਾ ਤਾਂ ਉਸ ਵਿਚ ਦੇਸ਼ ਦੇ ਹੋਰ ਸੂਬਿਆਂ ਦੇ ਨਾਲ ਹੀ ਪੰਜਾਬ ’ਤੇ ਵੀ ਚਰਚਾ ਹੋਵੇਗੀ। ਭਾਜਪਾ ਦੀ ਸਥਿਤੀ ਵੀ ਅਜਿਹੀ ਹੀ ਹੋਵੇਗੀ। ਭਾਜਪਾ ਨੇ ਕੌਮੀ ਪੱਧਰ ’ਤੇ ਕਈ ਸੂਬਿਆਂ ਵਿਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਕਰ ਦਿੰਦੀਆਂ ਹਨ, ਉਨ੍ਹਾਂ ਦੇ ਉਮੀਦਵਾਰਾਂ ਨੂੰ ਚੋਣ ਪ੍ਰਬੰਧ ਕਰਨ ਦਾ ਲਾਭ ਮਿਲਦਾ ਹੈ। ਅਜੇ ਕੇਂਦਰੀ ਚੋਣ ਕਮਿਸ਼ਨ ਨੇ ਵੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਫੈਸਲਾ ਜਲਦ ਹੀ ਲਿਆ ਜਾਵੇਗਾ। ਪੰਜਾਬ ਵਿਚ ਸਿਆਸੀ ਪੰਡਿਤਾਂ ਦੀਆਂ ਨਜ਼ਰਾਂ ਇਸ ਵੇਲੇ ਗਠਜੋੜ ’ਤੇ ਟਿਕੀਆਂ ਹੋਈਆਂ ਹਨ। ਸਭ ਤੋਂ ਜ਼ਿਆਦਾ ਦਿਲਚਸਪੀ ਇਸ ਵੇਲੇ ਭਾਜਪਾ ਤੇ ਅਕਾਲੀ ਦਲ ਵਿਚਾਲੇ ਹੋਣ ਵਾਲੇ ਗਠਜੋੜ ਨੂੰ ਲੈ ਕੇ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News