ਖਹਿਰਾ ਨੂੰ ਅਜੇ ਵੀ ਟਕਸਾਲੀਆਂ ਵਲੋਂ ''ਠੰਡੀ ਹਵਾ'' ਦੀ ਆਸ!
Tuesday, Mar 19, 2019 - 06:19 PM (IST)
ਜਲੰਧਰ : ਸ੍ਰੀ ਆਨੰਦਪੁਰ ਸਾਹਿਬ ਅਤੇ ਖਡੂਰ ਸਾਹਿਬ ਸੀਟ ਦੇ ਰੇੜਕੇ ਨੂੰ ਲੈ ਕੇ ਡੈਮੋਕ੍ਰੇਟਿਕ ਅਲਾਇੰਸ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਨੂੰ ਮੁੜ ਸੁਖਪਾਲ ਖਹਿਰਾ ਨੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਖਹਿਰਾ ਨੇ ਕਿਹਾ ਕਿ ਜੇਕਰ ਟਕਸਾਲੀ ਆਗੂ ਅਸਲ ਵਿਚ ਪੰਜਾਬ ਅਤੇ ਪੰਥ ਦੇ ਹਿਤੈਸ਼ੀ ਹਨ ਤਾਂ ਉਨ੍ਹਾਂ ਨੂੰ ਖਡੂਰ ਸਾਹਿਬ ਤੋਂ ਗਠਜੋੜ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੀ ਮਦਦ ਕਰਨੀ ਚਾਹੀਦੀ ਹੈ। ਜਲੰਧਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਟਕਸਾਲੀ ਦਲ ਵਲੋਂ ਠੰਡੀ ਹਵਾ ਆਉਂਦੀ ਮਹਿਸੂਸ ਹੋ ਰਹੀ ਹੈ ਅਤੇ ਉਮੀਦ ਹੈ ਕਿ ਅਕਾਲੀ ਦਲ ਟਕਸਾਲੀ ਸ੍ਰੀ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਸ ਲੈ ਕੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਿਮਾਇਤ ਕਰਨਗੇ।
ਦੱਸਣਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਖਡੂਰ ਸਾਹਿਬ ਸੀਟ 'ਤੇ ਅਕਾਲੀ ਦਲ ਟਕਸਾਲੀ ਵਲੋਂ ਜਲਦਬਾਜ਼ੀ 'ਚ ਉਮੀਦਵਾਰ ਐਲਾਨਣ ਕਰਕੇ ਇਹ ਗਠਜੋੜ ਦਾ ਹਿੱਸਾ ਨਹੀਂ ਸਨ ਬਣ ਸਕੇ। ਟਕਸਾਲੀ ਦਲ ਵਲੋਂ ਆਨੰਦਪੁਰ ਸਾਹਿਬ ਤੋਂ ਬੀਰ ਦਵਿੰਦਰ ਸਿੰਘ ਅਤੇ ਸ੍ਰੀ ਖਡੂਰ ਸਾਹਿਬ ਤੋਂ ਜੇ. ਜੇ. ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦਕਿ ਡੈਮੋਕ੍ਰੇਟਿਕ ਅਲਾਇੰਸ ਵਲੋਂ ਸ੍ਰੀ ਆਨੰਦਪੁਰ ਸਾਹਿਬ ਸੀਟ 'ਤੇ ਬਿਕਰਮ ਸਿੰਘ ਸੋਢੀ ਅਤੇ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਐਲਾਨਿਆ ਹੈ।