ਫਿਰੋਜ਼ਪੁਰ ਨਹੀਂ ਬਠਿੰਡਾ ਤੋਂ ਹੀ ਚੋਣ ਲੜਣਗੇ ਹਰਸਿਮਰਤ!
Saturday, Mar 16, 2019 - 06:24 PM (IST)
ਬਠਿੰਡਾ : ਕੇਂਦਰੀ ਮੰਤਰੀ ਅਤੇ ਅਕਾਲੀ ਦਲ ਦੀ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਮੌਜੂਦਾ ਹਲਕੇ ਬਠਿੰਡਾ ਤੋਂ ਹੀ ਲੋਕ ਸਭਾ ਚੋਣ ਲੜਨਗੇ। ਇਸ ਗੱਲ ਦਾ ਖੁਲਾਸਾ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਹੈ। ਭੂੰਦੜ ਨੇ ਕਿਹਾ ਹੈ ਕਿ ਹਰਸਿਮਰਤ ਕੌਰ ਨੇ ਬਠਿੰਡਾ ਹਲਕੇ ਦਾ ਬਹੁਤ ਵਿਕਾਸ ਕੀਤਾ ਹੈ ਅਤੇ ਬਠਿੰਡਾ ਦੀ ਜਨਤਾ ਵੀ ਉਨ੍ਹਾਂ ਨੂੰ ਮੁੜ ਇਸੇ ਹਲਕੇ ਤੋਂ ਚੋਣ ਲੜਨ ਲਈ ਆਖ ਰਹੀ ਹੈ ਜਿਸ ਦੇ ਚੱਲਦੇ ਪਾਰਟੀ ਉਨ੍ਹਾਂ ਨੂੰ ਮੁੜ ਬਠਿੰਡਾ ਤੋਂ ਹੀ ਚੋਣ ਮੈਦਾਨ ਵਿਚ ਉਤਾਰੇਗੀ। ਇਸ ਦੇ ਨਾਲ ਭੂੰਦੜ ਨੇ ਸਾਫ ਕੀਤਾ ਕਿ ਸੁਖਬੀਰ ਬਾਦਲ ਲੋਕ ਸਭਾ ਚੋਣਾਂ ਨਹੀਂ ਲੜਨਗੇ।
ਚਰਚਾ ਸੀ ਕਿ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਨੂੰ ਸੁਰੱਖਿਅਤ ਮੰਨੀ ਜਾ ਰਹੀ ਫਿਰੋਜ਼ਪੁਰ ਸੀਟ ਤੋਂ ਚੋਣ ਮੈਦਾਨ ਵਿਚ ਉਤਾਰ ਸਕਦਾ ਹੈ। ਦਰਅਸਲ ਕਿਹਾ ਜਾ ਰਿਹਾ ਸੀ ਕਿ ਫਿਰੋਜ਼ਪੁਰ ਹਲਕਾ ਜ਼ਿਆਦਾ ਸੁਰੱਖਿਅਤ ਹੈ, ਇਸ ਲਈ ਪਾਰਟੀ ਹਾਈਕਮਾਨ ਨੇ ਬੀਬੀ ਬਾਦਲ ਨੂੰ ਉਸੇ ਸੀਟ ਤੋਂ ਉਮੀਦਵਾਰ ਬਣਾਉਣ 'ਤੇ ਵਿਚਾਰ ਕੀਤਾ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਬਠਿੰਡਾ ਤੋਂ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਚੋਣ ਲੜਵਾਈ ਜਾ ਸਕਦੀ ਹੈ, ਜਦਕਿ ਮਲੂਕਾ ਵੀ ਹਰਸਿਮਰਤ ਦੇ ਬਠਿੰਡਾ ਤੋਂ ਹੀ ਚੋਣ ਲੜਨ ਦਾ ਇਸ਼ਾਰਾ ਕਰ ਚੁੱਕੇ ਹਨ।