ਜੇਕਰ ਜ਼ੋਰਾ ਸਿੰਘ ਦੀ ਹੋਈ ਜ਼ਮਾਨਤ ਜ਼ਬਤ ਤਾਂ ਲੋਕਲ ਲੀਡਰਸ਼ਿਪ ''ਤੇ ਡਿੱਗ ਸਕਦੀ ਹੈ ਗਾਜ਼
Tuesday, May 21, 2019 - 11:11 AM (IST)

ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਦੀ ਜਲੰਧਰ ਇਕਾਈ ਲਈ ਆਉਣ ਵਾਲੇ ਦਿਨ ਮੁਸ਼ਕਿਲ ਭਰੇ ਸਾਬਤ ਹੋ ਸਕਦੇ ਹਨ। ਇਸ ਬਾਰੇ ਪਾਰਟੀ ਦੇ ਦਿੱਲੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਸੀਟ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾ. ਜਸਟਿਸ ਜ਼ੋਰਾ ਸਿੰਘ ਵੱਲੋਂ ਜਲੰਧਰ ਦੇ ਕੁਝ ਦਿੱਗਜਾਂ ਦੀ ਹਾਈਕਮਾਨ ਕੋਲ ਸ਼ਿਕਾਇਤ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜਲੰਧਰ ਦੇ ਕੁਝ ਵੱਡੇ ਸਿਆਸੀ ਆਗੂਆਂ ਨੇ ਪਾਰਟੀ ਉਮੀਦਵਾਰ ਦਾ ਸਾਥ ਨਹੀਂ ਦਿੱਤਾ, ਜਿਸ ਕਾਰਨ ਪਾਰਟੀ ਦੇ ਵੋਟ ਬੈਂਕ 'ਚ ਕਮੀ ਆ ਸਕਦੀ ਹੈ ਅਤੇ ਜੇਕਰ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਤਾਂ ਇਸ ਦੇ ਲਈ ਪਾਰਟੀ ਦੀ ਜਲੰਧਰ ਇਕਾਈ ਦੇ ਆਗੂਆਂ ਦੀ ਜ਼ਿੰਮੇਵਾਰੀ ਹੋਵੇਗੀ।
ਪਾਰਟੀ ਸੂਤਰਾਂ ਦੀ ਮੰਨੀਏ ਤਾਂ ਜੇਕਰ ਅਜਿਹਾ ਹੁੰਦਾ ਹੈ ਤਾਂ ਹਾਈਕਮਾਨ ਵੱਲੋਂ ਜਲੰਧਰ ਇਕਾਈ 'ਤੇ ਸਖਤ ਐਕਸ਼ਨ ਲਿਆ ਜਾ ਸਕਦਾ ਹੈ। ਇਸ ਬਾਰੇ ਜਾਣਕਾਰਾਂ ਦੀ ਮੰਨੀਏ ਤਾਂ ਬੀਤੇ ਦਿਨੀਂ ਵੋਟਾਂ ਵਾਲੇ ਦਿਨ ਵੀ ਹੋਰ ਪਾਰਟੀਆਂ ਮੁਕਾਬਲੇ 'ਆਪ' ਦੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਬੂਥ ਬੇਹੱਦ ਘੱਟ ਨਜ਼ਰ ਆਏ। ਇਥੋਂ ਤੱਕ ਕਿ ਬਸਪਾ ਦੇ ਬੂਥਾਂ ਦੇ ਮੁਕਾਬਲੇ ਵੀ ਬੇਹੱਦ ਘੱਟ ਬੂਥ 'ਆਪ' ਦੇ ਲੱਗੇ ਦਿਸੇ, ਜਿਸ ਨਾਲ ਪਾਰਟੀ ਉਮੀਦਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਚ ਭਾਰੀ ਰੋਸ ਹੈ।
ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਉਮੀਦਵਾਰ ਚੋਣ ਖਤਮ ਹੁੰਦਿਆਂ ਹੀ ਚੰਡੀਗੜ੍ਹ ਚਲੇ ਗਏ ਸਨ, ਜਿਸ ਕਾਰਨ ਬੀਤੇ ਦਿਨ ਭਰ ਪਾਰਟੀ ਦੇ ਉਮੀਦਵਾਰ ਦਾ ਦਫਤਰ ਬੰਦ ਰਿਹਾ। ਇਸ ਬਾਰੇ ਪਾਰਟੀ ਜਾਣਕਾਰ ਦੱਸਦੇ ਹਨ ਕਿ ਚੋਣ ਨਤੀਜਿਆਂ ਤੋਂ ਬਾਅਦ ਚੋਣਾਂ ਸੰਬੰਧੀ ਸਾਰੀ ਰਿਪੋਰਟ ਕੇਜਰੀਵਾਲ ਨੂੰ ਭੇਜੀ ਜਾਵੇਗੀ। ਪਾਰਟੀ ਉਮੀਦਵਾਰ ਦਾ ਪਹਿਲੇ ਦਿਨ ਤੋਂ ਹੀ ਦੋਸ਼ ਰਿਹਾ ਹੈ ਕਿ ਲੋਕਲ ਲੀਡਰਸ਼ਿਪ ਉਨ੍ਹਾਂ ਨੂੰ ਮਿਸ ਗਾਈਡ ਕਰਦੀ ਰਹੀ ਹੈ ਅਤੇ ਉਨ੍ਹਾਂ ਦੇ ਪੈਸੇ ਵੀ ਫਾਲਤੂ ਕੰਮਾਂ 'ਚ ਹੀ ਖਰਚ ਕਰਵਾਉਂਦੀ ਰਹੀ ਹੈ। ਪਾਰਟੀ ਉਮੀਦਵਾਰ ਨੇ ਹਾਈ ਕਮਾਨ ਨੂੰ ਇਹ ਵੀ ਦੱਸਿਆ ਹੈ ਕਿ ਜੇਕਰ ਲੋਕਲ ਲੀਡਰਸ਼ਿਪ ਸਹੀ ਢੰਗ ਨਾਲ ਉਨ੍ਹਾਂ ਦਾ ਸਾਥ ਦਿੰਦੀ ਤਾਂ ਉਹ ਜਲੰਧਰ ਸੀਟ 'ਤੇ ਸਖਤ ਮੁਕਾਬਲਾ ਵਿਰੋਧੀਆਂ ਨੂੰ ਦੇ ਸਕਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ। ਓਧਰ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਢਾਈ ਲੱਖ ਤੋਂ ਵੱਧ ਵੋਟਾਂ ਬਟੋਰਨ ਵਾਲੀ 'ਆਪ' ਨੂੰ ਇਸ ਵਾਰ ਇਕ ਲੱਖ ਵੋਟਾਂ ਵੀ ਪੈ ਜਾਣ ਤਾਂ ਗਨੀਮਤ ਹੋਵੇਗੀ।