ਪੁੱਤਰ ਦੇ ਹਲਕੇ ਦਾ ਵਿਕਾਸ ਕਰਕੇ ਚੰਦੂਮਾਜਰਾ ਨੇ ਲੋਕਾਂ ਨਾਲ ਕੀਤਾ ਧੋਖਾ: ਮੁਨੀਸ਼ ਤਿਵਾੜੀ
Sunday, May 05, 2019 - 06:49 PM (IST)

ਸ੍ਰੀ ਕੀਰਤਪੁਰ ਸਾਹਿਬ (ਚੋਵੇਸ਼ ਲਟਾਵਾ)— ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਨੀਸ਼ ਤਿਵਾੜੀ ਵੱਲੋਂ ਅੱਜ ਆਪਣੇ ਹੱਕ 'ਚ ਸ੍ਰੀ ਕੀਰਤਪੁਰ ਸਾਹਿਬ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਇਕ ਚੋਣ ਜਲਸੇ ਨੂੰ ਸੰਬੋਧਨ ਕਰਦੇ ਨਰਿੰਦਰ ਮੋਦੀ ਦੀ ਸਰਕਾਰ 'ਤੇ ਸ਼ਬਦੀ ਵਾਰ ਕੀਤੇ। ਇਸ ਮੌਕੇ ਉਨ੍ਹਾਂ ਨੇ ਹਲਕੇ ਦੇ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਵਾਲ ਕਰਦੇ ਕਿਹਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਅੰਦਰ ਇਕ ਵੀ ਕੋਈ ਵੱਡਾ ਕੰਮ ਦਿਖਾਉਣ ਜੋ ਉਨ੍ਹਾਂ ਨੇ ਵਿਕਾਸ ਦਾ ਕੀਤਾ ਹੋਵੇ।
ਉਨ੍ਹਾਂ ਕਿਹਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਜੋ ਐੱਮ. ਪੀ. ਕੋਟੇ ਲਈ 5 ਕਰੋੜ ਰੁਪਏ ਦੀ ਗਰਾਂਟ ਆਉਂਦੀ ਹੈ, ਉਹ ਆਪਣੇ ਪੁੱਤਰ ਦੇ ਹਲਕਾ ਸਨੌਰ ਵਿਖੇ ਖਰਚ ਕਰਕੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਕਿਹੜੇ ਮੂੰਹ ਨਾਲ ਇਥੋਂ ਦੇ ਲੋਕਾਂ ਤੋਂ ਵੋਟਾਂ ਮੰਗਣ ਲਈ ਆ ਰਹੇ ਹਨ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਆਪਣੀ ਸਰਕਾਰ ਦੇ ਦੋ ਸਾਲ ਦੇ ਕਾਰਜਕਾਰ ਦੌਰਾਨ ਹਲਕੇ ਅੰਦਰ ਕੀਤੇ ਵਿਕਾਸ ਦੀ ਗਿਣਤੀ ਵੀ ਕੀਤੀ। ਉਨ੍ਹਾਂ ਕਿਹਾ ਕਿ ਜੋ ਵਿਕਾਸ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦੋ ਸਾਲਾਂ 'ਚ ਕੀਤਾ ਹੈ, ਉਹ ਨਾ ਤਾਂ ਅਕਾਲੀ-ਭਾਜਪਾ ਸਰਕਾਰ ਪਿਛਲੇ ਦਸ ਸਾਲਾਂ 'ਚ ਕਰ ਸਕੀ ਹੈ ਅਤੇ ਨਾ ਹੀ ਇਥੋਂ ਦੇ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੋਈ ਵੀ ਵਿਕਾਸ ਕਰਵਾਇਆ ਹੈ।