ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ, ਸਰਕਾਰੀ ਇਮਾਰਤ ''ਤੇ ਲਗਾਇਆ ਸਿਆਸੀ ਪਾਰਟੀ ਨੇ ਹੋਰਡਿੰਗ

Sunday, Apr 28, 2019 - 04:10 PM (IST)

ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ, ਸਰਕਾਰੀ ਇਮਾਰਤ ''ਤੇ ਲਗਾਇਆ ਸਿਆਸੀ ਪਾਰਟੀ ਨੇ ਹੋਰਡਿੰਗ

ਨਕੋਦਰ (ਪਾਲੀ)— ਸੂਬੇ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਸਖਤ ਰੁਖ ਅਖਤਿਆਰ ਕਰਦਿਆਂ ਧਾਰਮਿਕ ਅਸਥਾਨਾਂ, ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ਦੇ ਨਾਲ-ਨਾਲ ਸਰਕਾਰੀ ਇਮਾਰਤਾਂ 'ਤੇ ਸਿਆਸੀ ਪੋਸਟਰ, ਬੈਨਰ ਅਤੇ ਹੋਰਡਿੰਗਜ਼ ਆਦਿ ਲਾਏ ਜਾਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਨਾਲ ਹੀ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਨਕੋਦਰ ਸ਼ਹਿਰ ਅੰਦਰ ਸਬਜ਼ੀ ਮੰਡੀ ਨੇੜੇ ਨਗਰ ਕੌਂਸਲ ਦੀਆਂ ਦੁਕਾਨਾਂ (ਸਰਕਾਰੀ ਇਮਾਰਤ) 'ਤੇ ਪੰਜਾਬ ਦੇ ਮੁੱਖ ਮੰਤਰੀ ਦੀ ਤਸਵੀਰ ਸਮੇਤ ਪਾਰਟੀ ਦੇ ਗੁਣ ਗਾਇਨ ਕਰਦੇ ਨਾਅਰੇ ਵਾਲਾ ਬਹੁਤ ਵੱਡਾ ਸਿਆਸੀ ਹੋਰਡਿੰਗ ਲੱਗਾ ਹੋਇਆ ਹੈ, ਜੋ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਿਹਾ ਹੈ। ਇਸ ਬਾਰੇ ਧਾਰੀ ਚੁੱਪ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਜਾਂ ਲਾਪਰਵਾਹੀ ਕਹੀਏ ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਟਿੱਚ ਸਮਝਦੀਆਂ ਹਨ।
ਸਰਕਾਰੀ ਇਮਾਰਤਾਂ 'ਤੇ ਚੋਣ ਸਮੱਗਰੀ ਲਗਾਉਣ ਦੀ ਪੂਰਨ ਪਾਬੰਦੀ : ਐੱਸ. ਡੀ. ਐੱਮ.
ਜਦੋਂ ਇਸ ਸਬੰਧੀ ਐੱਸ. ਡੀ. ਐੱਮ. ਨਕੋਦਰ–ਕਮ-ਰਿਟਰਨਿੰਗ ਅਫਸਰ ਅਮਿਤ ਕੁਮਾਰ ਪੰਚਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਕਾਰਵਾਈ ਕਰਵਾਉਣਗੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਵੱਲੋਂ ਧਾਰਮਕ ਅਸਥਾਨਾਂ ਅਤੇ ਸਰਕਾਰੀ ਇਮਾਰਤਾਂ 'ਤੇ ਚੋਣ ਪ੍ਰਚਾਰ ਦੀ ਸਮੱਗਰੀ ਲਾਉਣ 'ਤੇ ਪੂਰਨ ਪਾਬੰਦੀ ਹੈ। ਜੇਕਰ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


author

shivani attri

Content Editor

Related News