ਇਸ ਸੀਟ ''ਤੇ ਹੁਣ ਤੱਕ ਭਰੇ ਗਏ ਸਭ ਤੋਂ ਵੱਧ ਨਾਮਜ਼ਦਗੀ ਪੱਤਰ, ਜਾਣੋ ਪੂਰੀਆਂ ਸੀਟਾਂ ਦਾ ਵੇਰਵਾ
Saturday, Apr 27, 2019 - 06:32 PM (IST)
ਜਲੰਧਰ— ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵੀ ਦਾਖਲ ਕਰਵਾਏ ਜਾ ਰਹੇ ਹਨ। ਦੱਸ ਦੇਈਏ ਕਿ ਚੋਣ ਕਮਿਸ਼ਮ ਦੇ ਹੁਕਮਾਂ ਅਨੁਸਾਰ ਨਾਮਜ਼ਦਗੀ ਪੱਤਰ ਭਰਨ ਦੀ ਸ਼ੁਰੂਆਤ 22 ਤਰੀਕ ਤੋਂ ਹੋਈ ਸੀ। 22 ਤਰੀਕ ਤੋਂ ਲੈ ਕੇ ਹੁਣ ਤੱਕ 13 ਲੋਕ ਸਭਾ ਹਲਕਿਆਂ 'ਚ ਕੁੱਲ 199 ਉਮੀਦਵਾਰ ਨਾਮਜ਼ਦਗੀਆਂ ਦਾਖਲ ਕਰ ਚੁੱਕੇ ਹਨ। ਜੇਕਰ ਗੱਲ ਕੀਤੀ ਜਾਵੇ ਕਿ ਕਿਹੜੇ ਇਲਾਕੇ 'ਚ ਹੁਣ ਤੱਕ ਸਭ ਤੋਂ ਵੱਧ ਨਾਮਜ਼ਦਗੀ ਪੱਤਰ ਭਰੇ ਗਏ ਹਨ ਤਾਂ ਇਸ 'ਚ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਖਡੂਰ ਸਾਹਿਬ 'ਚ ਹੁਣ ਤੱਕ ਕੁੱਲ 21 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਜਦਕਿ ਇਸ ਦੇ ਮੁਕਾਬਲੇ ਸਭ ਤੋਂ ਘੱਟ ਗੁਰਦਾਸਪੁਰ ਸੀਟ ਤੋਂ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ। ਇਥੇ 22 ਤਰੀਕ ਤੋਂ ਲੈ ਕੇ ਹੁਣ ਕੁੱਲ 8 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਚੋਣ ਕਮਿਸ਼ਨ 'ਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਜਲੰਧਰ ਅਤੇ ਪਟਿਆਲਾ ਦੂਜੇ ਨੰਬਰ 'ਤੇ ਜਿੱਥੇ ਹੁਣ ਤੱਕ 19-19 ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਸੰਗਰੂਰ ਅਤੇ ਲੁਧਿਆਣਾ ਤੀਜੇ ਨੰਬਰ 'ਤੇ ਹਨ, ਜਿੱਥੇ ਹੁਣ ਤੱਕ ਉਮੀਦਵਾਰਾਂ ਵੱਲੋਂ 18-18 ਨਾਮਜ਼ਦਗੀਆਂ ਭਰੀਆਂ ਗਈਆਂ ਹਨ।
ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਥੇ ਹੁਣ ਤੱਕ 16 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਅਤੇ ਬਠਿੰਡਾ 'ਚ ਹੁਣ ਤੱਕ 15-15 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਫਰੀਦਕੋਟ 'ਚ 14, ਫਿਰੋਜ਼ਪੁਰ 'ਚ ਅਤੇ ਹੁਸ਼ਿਆਰਪੁਰ 'ਚ 10 ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਤੋਂ ਉਂਝ 17 ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ ਪਰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ 2 ਨਾਮਜ਼ਦਗੀਆਂ ਦੇ ਐਫੀਡੇਵਿਟ ਅਜੇ ਤੱਕ ਅਪਲੋਡ ਨਹੀਂ ਕੀਤੇ ਗਏ ਹਨ। ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੱਖ-ਵੱਖ ਸੀਟਾਂ ਤੋਂ ਲਗਾਤਾਰ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਜਾਰੀ ਹੈ, ਜੋ ਕਿ 29 ਅਪ੍ਰੈਲ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ 2 ਮਈ ਤੱਕ ਇਨ੍ਹਾਂ ਉਮੀਦਵਾਰਾਂ 'ਚੋਂ ਕੁਝ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਵੀ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।