ਬਠਿੰਡਾ ਤੇ ਫਿਰੋਜ਼ਪੁਰ ''ਚ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਅਕਾਲੀ ਦਲ ਦੀ ਤਸਵੀਰ ਸਪੱਸ਼ਟ ਹੋਣ ਪਿੱਛੋਂ
Saturday, Apr 06, 2019 - 06:23 PM (IST)
ਜਲੰਧਰ (ਧਵਨ)— ਪੰਜਾਬ ਦੀਆਂ ਅਤਿਅੰਤ ਅਹਿਮ ਮੰਨੀਆਂ ਜਾਣ ਵਾਲੀਆਂ ਲੋਕ ਸਭਾ ਦੀਆਂ ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਲਈ ਕਾਂਗਰਸੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੀ ਤਸਵੀਰ ਸਪੱਸ਼ਟ ਹੋਣ ਪਿਛੋਂ ਕੀਤਾ ਜਾਵੇਗਾ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਭਾਵੇਂ ਸਕਰੀਨਿੰਗ ਕਮੇਟੀ ਨੇ ਸ਼ੁੱਕਰਵਾਰ ਵੀ ਇਨ੍ਹਾਂ ਦੋਹਾਂ ਸੀਟਾਂ 'ਤੇ ਮਜ਼ਬੂਤ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਲੈ ਕੇ ਮੰਥਨ ਕੀਤਾ ਸੀ ਪਰ ਇਹ ਕੰਮ ਅੱਧਵਾਟੇ ਹੀ ਛੱਡਣਾ ਪਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਉਕਤ ਦੋਹਾਂ ਸੀਟਾਂ ਲਈ ਆਪਣੇ ਉਮੀਦਵਾਰਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਕੀਤੀ। ਹੁਣ ਤੱਕ ਇਹ ਚਰਚਾ ਸੁਣਨ 'ਚ ਆ ਰਹੀ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ। ਅਜੇ ਤੱਕ ਅਕਾਲੀ ਦਲ ਨੇ ਰਸਮੀ ਤੌਰ 'ਤੇ ਉਕਤ ਦੋਹਾਂ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ।
ਕਾਂਗਰਸੀ ਆਗੂਆਂ ਨੇ ਦੱਸਿਆ ਕਿ ਸ਼ਨੀਵਾਰ ਵੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਬੈਠਕ 'ਚ ਰਸਮੀ ਤੌਰ 'ਤੇ ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਨੂੰ ਲੈ ਕੇ ਚਰਚਾ ਹੋਈ ਪਰ ਕਿਉਂਕਿ ਅਕਾਲੀ ਦਲ ਦੇ ਉਮੀਦਵਾਰਾਂ ਦੇ ਚਿਹਰੇ ਅਜੇ ਸਾਹਮਣੇ ਨਹੀਂ ਆਏ ਹਨ, ਇਸ ਲਈ ਇਨ੍ਹਾਂ ਸੀਟਾਂ ਨੂੰ ਅੱਧਵਾਟੇ ਹੀ ਛੱਡ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਹੁਣ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾਈ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਗਲੇ ਹਫਤੇ ਬੈਠਕ ਕਰ ਸਕਦੇ ਹਨ। ਉਦੋਂ ਤੱਕ ਸ਼ਾਇਦ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਹੋ ਜਾਵੇਗਾ।
ਸੰਗਰੂਰ ਅਤੇ ਸ੍ਰੀ ਆਨੰਦਪੁਰ ਸਾਹਿਬ ਸੀਟਾਂ 'ਤੇ ਅਜੇ ਤੱਕ ਸਹਿਮਤੀ ਨਹੀਂ ਬਣੀ ਹੈ। ਇਨ੍ਹਾਂ ਦੋਹਾਂ ਸੀਟਾਂ 'ਤੇ ਕ੍ਰਮਵਾਰ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਸਾਬਕਾ ਐੱਮ. ਪੀ. ਮੁਨੀਸ਼ ਤਿਵਾੜੀ ਦੇ ਨਾਂ ਸਭ ਤੋਂ ਅੱਗੇ ਚੱਲ ਰਹੇ ਹਨ। ਅੰਤਿਮ ਫੈਸਲਾ ਰਾਹੁਲ ਗਾਂਧੀ ਨਾਲ ਹੋਣ ਵਾਲੀ ਬੈਠਕ ਵਿਚ ਹੀ ਲਿਆ ਜਾਵੇਗਾ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਵੀ ਅਨੰਦਪੁਰ ਸਾਹਿਬ ਤੋਂ ਟਿਕਟ ਮੰਗ ਰਹੇ ਹਨ। ਅਜੇ ਤੱਕ ਬਠਿੰਡਾ ਲੋਕ ਸਭਾ ਸੀਟ ਤੋਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਅਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਨਾਂ ਲਏ ਜਾ ਰਹੇ ਹਨ। ਫਿਰੋਜ਼ਪੁਰ ਤੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਐੱਮ. ਪੀ. ਸ਼ੇਰ ਸਿੰਘ ਘੁਬਾਇਆ, ਯੂਥ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਅਤੇ ਰਾਜਾ ਵੜਿੰਗ ਦੇ ਨਾਂ ਵਿਚਾਰਅਧੀਨ ਹਨ। ਇਨ੍ਹਾਂ ਸੀਟਾਂ ਬਾਰੇ ਫੈਸਲਾ ਵੀ ਰਾਹੁਲ ਗਾਂਧੀ ਨਾਲ ਹੋਣ ਵਾਲੀ ਬੈਠਕ 'ਚ ਹੋਵੇਗਾ।