ਸੁਖਪਾਲ ਖਹਿਰਾ ਵੱਲੋਂ ਹਰਸਿਮਰਤ ਬਾਦਲ ਨੂੰ ਖੁੱਲ੍ਹੀ ਚੁਣੌਤੀ

03/31/2019 6:55:09 PM

ਲੰਬੀ/ਮਲੋਟ (ਜੁਨੇਜਾ) : ਬਠਿੰਡਾ ਹਲਕੇ ਤੋਂ ਪੀ. ਡੀ. ਏ. ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਐਤਵਾਰ ਨੂੰ ਲੰਬੀ ਹਲਕੇ ਵਿਚ ਆਪਣਾ ਚੋਣ ਪ੍ਰਚਾਰ ਦਾ ਬਿਗੁਲ ਵਜਾ ਦਿੱਤਾ। ਇਸ ਸਮੇਂ ਸੁਖਪਾਲ ਖਹਿਰਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਅੱਜ ਹਰ ਵਿਅਕਤੀ ਪੰਜਾਬ ਦੇ ਹਾਲਾਤ ਤੋਂ ਜਾਣੂ ਹੈ, ਆਰਥਿਕ ਮੰਦਹਾਲੀ ਦਾ ਸ਼ਿਕਾਰ ਕਿਸਾਨਾਂ ਨੂੰ ਆਪਣੇ ਬੱਚਿਆਂ ਦੀ ਪੜਾਈ, ਵਿਆਹ ਅਤੇ ਮੁਢਲੀਆਂ ਜ਼ਰੂਰਤਾਂ ਨਾ ਮਿਲਨ ਦੀ ਚਿੰਤਾ ਹੈ ਜਿਸ ਕਰਕੇ ਹਰ ਵਰਗ ਪ੍ਰੇਸ਼ਾਨ ਹੈ। ਦੇਸ਼ ਅੰਦਰ 16ਵੀਂ ਪਾਰਲੀਮੈਂਟ ਦੀ ਚੋਣ ਦਾ ਬਿਗੁਲ ਵੱਜ ਚੁੱਕਾ ਹੈ। ਇਕ ਪਾਸੇ ਸੂਬੇ ਅੰਦਰ ਅਕਾਲੀ ਦਲ ਬਾਦਲ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਜਿਨ੍ਹਾਂ ਨੇ ਰਲ ਕਿ ਸੂਬੇ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰੇਤ ਮਾਫੀਆ ਬਾਦਲਾਂ ਦੀ ਸਰਪ੍ਰਸਤੀ ਹੇਠ ਪਲਦਾ ਸੀ ਜਦਕਿ ਹੁਣ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੇਠ ਇਹ ਧੰਦਾ ਚੱਲਾ ਰਿਹਾ ਹੈ। ਇਸ ਲਈ ਲੋੜ ਹੈ ਕਿ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਭਜਾ ਦੇਣ ਤਾਂ ਜੋ ਪੰਜਾਬ ਦੇ ਲੋਕਾਂ ਅਤੇ ਸੂਬੇ ਦੀਆਂ ਹੱਕੀ ਮੰਗਾਂ ਲਈ ਦੇਸ਼ ਦੀ ਸੰਸਦ ਵਿਚ ਕੋਈ ਆਵਾਜ਼ ਉਠਾ ਸਕੇ। 
ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ ਜਨਤਕ ਬਹਿਸ ਦੀ ਚਣੌਤੀ ਦਿੰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ 10 ਸਾਲ ਸੁਖਬੀਰ ਬਾਦਲ ਨੇ ਪੰਜਾਬ ਦੀ ਲੁੱਟ ਕੀਤੀ ਹੈ, ਹੁਣ ਦੋ ਸਾਲਾਂ ਤੋਂ ਕਾਂਗਰਸ ਉਹੀ ਕਦਮਾਂ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਹਰਸਿਰਮਤ ਕੌਰ ਬਾਦਲ ਅਤੇ ਮਨਪੀ੍ਰਤ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜਨ ਅਤੇ ਬਜਾਏ ਰੈਲੀਆਂ ਅਤੇ ਫਜ਼ੂਲ ਖਰਚੇ ਦੇ ਉਨ੍ਹਾਂ ਨਾਲ ਜਨਤਕ ਬਹਿਸ ਕਰਨ। ਇਸ ਤੋਂ ਬਾਅਦ ਹੀ ਲੋਕ ਇਸ 'ਤੇ ਫੈਸਲਾ ਕਰਨ ਕਿ ਵੋਟ ਕਿਸ ਉਮੀਦਵਾਰ ਨੂੰ ਪਾਉਣੀ ਹੈ।
ਜ਼ਿਮਨੀ ਚੋਣ ਬਾਰੇ ਦੋਹਰਾ ਮਾਪਦੰਡ
ਪੱਤਰਕਾਰਾਂ ਵੱਲੋਂ ਵਿਧਾਇਕਾਂ ਅਤੇ ਮੰਤਰੀਆਂ ਦੇ ਪਾਰਲੀਮੈਂਟ ਚੋਣ ਲੜਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਇਸ ਦੇ ਪੂਰੀ ਤਰ੍ਹਾਂ ਵਿਰੁੱਧ ਹਨ ਕਿਉਂਕਿ ਵਿਧਾਇਕਾਂ ਦੀ ਜਿੱਤ ਤੋਂ ਬਾਅਦ ਜ਼ਿਮਨੀ ਚੋਣ ਕਾਰਨ ਲੋਕਾਂ ਦੇ ਪੈਸੇ ਦਾ ਨੁਕਸਾਨ ਹੁੰਦਾ ਹੈ। ਖੁਦ ਵਿਧਾਇਕ ਹੋ ਕੇ ਚੋਣ ਲੜਨ ਸਬੰਧੀ ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਬਨਾਉਣ ਕਰਕੇ ਇਕ ਤਾਂ ਐੱਮ. ਪੀ. ਲੜਨ ਦਾ ਫੈਸਲਾ ਉਨ੍ਹਾਂ ਪਹਿਲਾਂ ਕਰ ਲਿਆ ਸੀ, ਦੂਜਾ ਪਾਰਟੀ ਨਵੀਂ ਬਨਾਉਣ ਕਰਕੇ ਉਨ੍ਹਾਂ ਨੂੰ ਇਸ ਸੀਟ ਤੋਂ ਅਸਤੀਫਾ ਤਾਂ ਦੇਣਾ ਹੀ ਪੈਣਾ ਹੈ।


Gurminder Singh

Content Editor

Related News