ਸੁਖਬੀਰ ਨੂੰ ''ਸ਼ੇਰ'' ਦੀ ਦਹਾੜ, ਹੁਣ ਪਤਾ ਲੱਗੂ ਕਿਵੇਂ ਮੰਗੀ ਦੀਆਂ ਵੋਟਾਂ (ਵੀਡੀਓ)

Tuesday, Apr 23, 2019 - 06:59 PM (IST)

ਫਿਰੋਜ਼ਪੁਰ : ਫਿਰੋਜ਼ਪੁਰ ਸੰਸਦੀ ਸੀਟ ਤੋਂ ਸੁਖਬੀਰ ਬਾਦਲ ਦੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਅਤੇ ਮੁੱਖ ਵਿਰੋਧੀ ਸ਼ੇਰ ਸਿੰਘ ਘੁਬਾਇਆ ਨੇ ਤਿੱਖਾ ਹਮਲਾ ਬੋਲਿਆ ਹੈ। ਘੁਬਾਇਆ ਨੇ ਕਿਹਾ ਕਿ ਹੁਣ ਜਦੋਂ ਸੁਖਬੀਰ ਫਿਰੋਜ਼ਪੁਰ ਦੇ ਚੋਣ ਮੈਦਾਨ ਵਿਚ ਨਿੱਤਰ ਆਏ ਹਨ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਵੋਟਾਂ ਕਿਵੇਂ ਲਈਆਂ ਜਾਂਦੀਆਂ ਹਨ। ਘੁਬਾਇਆ ਨੇ ਕਿਹਾ ਕਿ ਸੁਖਬੀਰ ਨੇ ਕਦੇ ਵੀ ਜ਼ਮੀਨੀ ਪੱਧਰ 'ਤੇ ਕੰਮ ਨਹੀਂ ਕੀਤਾ, ਉਹ ਹਮੇਸ਼ਾ ਉਪਰਲੇ ਪੱਧਰ 'ਤੇ ਕੰਮ ਕਰਦੇ ਰਹੇ ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਘੁਬਾਇਆ ਨੇ ਕਿਹਾ ਕਿ ਉਨ੍ਹਾਂ 2009 ਵਿਚ ਜਲਾਲਾਬਾਦ ਦੇ ਲੋਕਾਂ ਦੀ ਭਲਾਈ ਲਈ ਸੁਖਬੀਰ ਲਈ ਆਪਣੀ ਸੀਟ ਛੱਡੀ ਸੀ ਪਰ ਸੁਖਬੀਰ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਜਲੀਲ ਹੋਣਾ ਪਿਆ। ਸੁਖਬੀਰ ਦੇ ਰਾਜ 'ਚ ਕਿਸੇ ਦੀ ਸੁਣਵਾਈ ਨਹੀਂ ਹੋਈ। 
ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਗੁਰੂ ਨੂੰ ਨਹੀਂ ਬਖਸ਼ਿਆ ਤਾਂ ਆਦਮੀ ਨੂੰ ਕੀ ਬਖਸ਼ੇਗਾ। ਇਸ ਵਾਰ ਲੋਕ ਸੁਖਬੀਰ ਬਾਦਲ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਇਕ ਸਵਾਲ ਦਾ ਜਵਾਬ ਦਿੰਦਿਆਂ ਘੁਬਾਇਆ ਨੇ ਕਿਹਾ ਕਿ ਹੁਣ ਉਹ ਕਾਂਗਰਸ ਦੇ ਹਨ ਅਤੇ ਕਾਂਗਰਸ ਦੇ ਹੀ ਹੋ ਕੇ ਰਹਿਣਗੇ ਤੇ ਕਦੇ ਵੀ ਸੁਖਬੀਰ ਬਾਦਲ ਵਰਗੇ ਲੀਡਰ ਦੀ ਪ੍ਰਧਾਨਗੀ 'ਚ ਚੋਣ ਨਹੀਂ ਲੜਨਗੇ। ਘੁਬਾਇਆ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਖਤਮ ਕਰਨ ਲਈ ਵਿਰੋਧੀਆਂ ਨੇ ਪੂਰਾ ਜ਼ੋਰ ਲਾਇਆ ਪਰ ਉਨ੍ਹਾਂ ਦਾ ਪੇਸ਼ ਨਹੀਂ ਚੱਲੀ।


author

Gurminder Singh

Content Editor

Related News