ਸਵਾਲ ਪੁੱਛਣ ''ਤੇ ਬੀਬੀ ਭੱਠਲ ਨੇ ਨੌਜਵਾਨ ਦੇ ਸ਼ਰੇਆਮ ਜੜਿਆ ਥੱਪੜ
Sunday, May 05, 2019 - 06:49 PM (IST)

ਸੰਗਰੂਰ (ਕੋਹਲੀ) : ਕਾਂਗਰਸ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਚੋਣ ਜਲਸੇ ਦੌਰਾਨ ਇਕ ਨੌਜਵਾਨ ਵਲੋਂ ਸਵਾਲ ਪੁੱਛਣ 'ਤੇ ਥੱਪੜ ਜੜ ਦਿੱਤਾ। ਭੱਠਲ ਵਲੋਂ ਥੱਪੜ ਮਾਰਨ ਦੀ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਆਪਣੇ ਜੱਦੀ ਹਲਕੇ ਲਹਿਰਾਗਾਗਾ ਵਿਚ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਜਦੋਂ ਉਹ ਬੁਸ਼ਹਿਰਾ ਪਿੰਡ ਵਿਚ ਪਹੁੰਚੇ ਤਾਂ ਇਕ ਨੌਜਵਾਨ ਨੇ ਚੋਣ ਸਭਾ ਦੌਰਾਨ ਉਨ੍ਹਾਂ ਨੂੰ ਸਵਾਲ ਕੀਤਾ ਤਾਂ ਭੱਠਲ ਭੜਕ ਗਈ ਤੇ ਨੌਜਵਾਨ ਦੇ ਥੱਪੜ ਜੜ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਕੁਝ ਨੌਜਵਾਨ ਰਜਿੰਦਰ ਕੌਰ ਭੱਠਲ ਤੋਂ ਇਹ ਪੁੱਛ ਰਹੇ ਸਨ ਕਿ ਉਨ੍ਹਾਂ ਨੇ ਪਿਛਲੇ 25 ਸਾਲਾਂ ਤੋਂ ਆਪਣੇ ਹਲਕੇ ਲਈ ਕੀ ਕੰਮ ਕੀਤੇ ਹਨ। ਇਹ ਸੁਣਦਿਆਂ ਹੀ ਭੱਠਲ ਦਾ ਪਾਰਾ ਚੜ੍ਹ ਗਿਆ ਅਤੇ ਉਨ੍ਹਾਂ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ।
ਦੂਜੇ ਪਾਸੇ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ 'ਆਪ' ਉਮੀਦਵਾਰ ਭਗਵੰਤ ਮਾਨ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ। ਮਾਨ ਨੇ ਕਿਹਾ ਕਿ ਲੋਕ ਤਾਂ ਉਨ੍ਹਾਂ ਨੂੰ ਵੀ ਸਵਾਲ ਪੁੱਛਦੇ ਹਨ ਪਰ ਉਨ੍ਹਾਂ ਨੇ ਕਦੇ ਕਿਸੇ ਦੇ ਸਵਾਲਾਂ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਸਵਾਲ ਪੁੱਛਣ ਦੀ ਆਦਤ ਪਾਈ ਤੇ ਕਾਂਗਰਸੀ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ।