ਡੇਰਾ ਵੋਟ ''ਤੇ ਪਰਨੀਤ ਕੌਰ ਦਾ ਵੱਡਾ ਬਿਆਨ
Monday, Apr 29, 2019 - 06:46 PM (IST)
ਪਟਿਆਲਾ : ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਨੂੰ ਡੇਰਾ ਪ੍ਰੇਮੀਆਂ ਤੋਂ ਵੋਟ ਮੰਗਣ ਵਿਚ ਕੋਈ ਝਿੱਜਕ ਨਹੀਂ ਹੈ। ਪ੍ਰਨੀਤ ਕੌਰ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਹਲਕੇ ਵਿਚ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਆਉਂਦੀਆਂ ਹਨ ਤਾਂ ਉਹ ਉਨ੍ਹਾਂ ਤੋਂ ਵੋਟ ਮੰਗਣ ਜ਼ਰੂਰ ਜਾਣਗੇ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਲਕੇ ਵਿਚ ਆਉਣ ਵਾਲੇ ਹਰ ਵਿਅਕਤੀ, ਜਿਹੜਾ ਵੋਟ ਪਾਉਣ ਦੇ ਸਮਰੱਥ ਹੈ ਨਾਲ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਦੇ ਲੋਕਾਂ ਨੂੰ ਧਾਰਮਿਕ ਨਜ਼ਰੀਏ, ਧਾਰਮਿਕ ਝੁਕਾਅ ਜਾਂ ਜਾਤ ਦੇ ਆਧਾਰ 'ਤੇ ਨਹੀਂ ਦੇਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਵੋਟ ਮੰਗਣ ਜਾਂਦੇ ਹਨ ਤਾਂ ਉਨ੍ਹਾਂ ਦਾ ਸਾਹਮਣੇ ਅਕਾਲੀ ਦਲ ਅਤੇ 'ਆਪ' ਪੱਖੀ ਵੋਟਰਾਂ ਨਾਲ ਵੀ ਹੁੰਦਾ ਹੈ ਅਤੇ ਉਹ ਉਨ੍ਹਾਂ ਤੋਂ ਵੀ ਵੋਟ ਮੰਗਦੇ ਹਨ, ਇਸੇ ਤਰ੍ਹਾਂ ਡੇਰਾ ਪ੍ਰੇਮੀਆਂ ਕੋਲੋਂ ਵੀ ਉਹ ਵੋਟ ਮੰਗਣਗੇ।
ਡੇਰਾ ਪੈਰੋਕਾਰਾਂ 'ਤੇ ਬੋਲਦੇ ਹੋਏ ਪਰਨੀਤ ਕੌਰ ਨੇ ਕਿਹਾ ਕਿ ਉਹ ਵੀ ਸੂਬੇ ਦੇ ਨਿਵਾਸੀ ਹਨ ਅਤੇ ਡੇਰਾ ਪ੍ਰੇਮੀਆਂ ਤੋਂ ਵੋਟ ਮੰਗਣਾ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਧਾਰਮਿਕ ਜਗ੍ਹਾ 'ਤੇ ਨਹੀਂ ਸਗੋਂ ਜਿਹੜਾ ਵੀ ਉਨ੍ਹਾਂ ਦੇ ਹਲਕੇ ਵਿਚ ਆਏਗਾ ਉਹ ਉਸ ਨੂੰ ਕਾਂਗਰਸ ਦੀ ਪ੍ਰਾਪਤੀਆਂ ਤੋਂ ਜਾਣੂੰ ਕਰਵਾ ਕੇ ਵੋਟ ਮੰਗਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਕਿਹਾ ਸੀ ਕਿ ਕਾਂਗਰਸ ਡੇਰਾ ਸੱਚਾ ਸੌਦਾ ਤੋਂ ਵੋਟ ਨਹੀਂ ਮੰਗੇਗੀ। ਇਸ ਤੋਂ ਇਲਾਵਾ ਅਕਾਲੀ ਦਲ ਵੀ ਸਾਫ ਕਰ ਚੁੱਕਾ ਹੈ ਕਿ ਉਹ ਡੇਰੇ ਤੋਂ ਵੋਟ ਨਹੀਂ ਮੰਗੇਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗਾ।